ਜਸਬੀਰ ਸ਼ੇਤਰਾ
ਜਗਰਾਉਂ, 30 ਮਾਰਚ
ਡੇਢ ਦਹਾਕਾ ਪਹਿਲਾਂ ਕਥਿਤ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋ ਕੇ ਲੰਘੀ 10 ਦਸੰਬਰ ਨੂੰ ਫੌਤ ਹੋ ਚੁੱਕੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ 75 ਸਾਲਾ ਮਾਤਾ ਸੁਰਿੰਦਰ ਕੌਰ ਨੇ ਅੱਜ ਥਾਣੇ ਮੂਹਰੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਉਨ੍ਹਾਂ ਆਪਣੀ ਧੀ ਲਈ ਇਨਸਾਫ਼ ਦੀ ਮੰਗ ਕੀਤੀ। ਉਧਰ ਥਾਣੇ ਅੱਗੇ ਜਨਤਕ ਜਥੇਬੰਦੀਆਂ ਦਾ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਧਰਨਾਕਾਰੀਆਂ ਨੇ ਕਿਹਾ ਕਿ ਡੀਐੱਸਪੀ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ’ਚ ਨਾਮਜ਼ਦ ਕਰਨ ਤੋਂ ਬਾਅਦ ਵੀ ਗ੍ਰਿਫ਼ਤਾਰੀ ਨਾ ਹੋਣ ਕਰਕੇ ਅੱਠ ਦਿਨ ਤੋਂ ਥਾਣੇ ਮੂਹਰੇ ਧਰਨਾ ਚੱਲ ਰਿਹਾ ਹੈ। ਇਸ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਕੋਈ ਹਰਕਤ ਨਹੀਂ ਦਿਖਾਈ, ਜਿਸ ਤੋਂ ਖਫ਼ਾ ਮਾਤਾ ਨੂੰ ਭੁੱਖ ਹੜਤਾਲ ’ਤੇ ਬੈਠਣਾ ਪਿਆ ਹੈ। ਇਸ ਸਮੇਂ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਕਰੀਬ ਸੋਲਾਂ ਸਾਲ ਪਹਿਲਾਂ ਉਸਦੀ ਧੀ ਕੁਲਵੰਤ ਕੌਰ ਨੂੰ ਆਂਢੀਆਂ-ਗੁਆਂਢੀਆਂ ਸਾਹਮਣੇ ਘਰੋਂ ਬਿਨਾਂ ਕਿਸੇ ਮਹਿਲਾ ਪੁਲੀਸ ਦੇ ਥਾਣੇ ਲਿਜਾਇਆ ਗਿਆ। ਮਾਵਾਂ-ਧੀਆਂ ਦੋਹਾਂ ਨੂੰ ਨਾਜ਼ਾਇਜ਼ ਹਿਰਾਸਤ ’ਚ ਰੱਖਿਆ ਗਿਆ ਅਤੇ ਕੁਲਵੰਤ ਕੌਰ ’ਤੇ ਕਥਿਤ ਤਸ਼ੱਦਦ ਢਾਹਿਆ, ਜਿਸ ਨਾਲ ਉਹ ਮੰਜੇ ਨਾਲ ਲੱਗ ਗਈ ਅਤੇ ਇੰਨੇ ਸਾਲ ਮੰਜੇ ’ਤੇ ਪਏ ਰਹਿਣ ਮਗਰੋਂ ਦਮ ਤੋੜ ਗਈ। ਉਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਿੰਨ ਅਪਰੈਲ ਤੱਕ ਭੁੱਖ ਹੜਤਾਲ ’ਤੇ ਬੈਠਣ ਦੀ ਗੱਲ ਆਖੀ ਅਤੇ ਚਾਰ ਅਪਰੈਲ ਦੇ ਰੋਸ ਮੁਜ਼ਾਹਰੇ ’ਚ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ। ਅੱਜ ਦੇ ਧਰਨੇ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਤੋਂ ਇਲਾਵਾ ਕਾਮਰੇਡ ਨਿਰਮਲ ਧਾਲੀਵਾਲ, ਬੂਟਾ ਸਿੰਘ ਮਲਕ, ਸਰਪੰਚ ਬਲਵੀਰ ਸਿੰਘ, ਜਸਪ੍ਰੀਤ ਸਿੰਘ ਢੋਲਣ, ਸੁਖਦੇਵ ਸਿੰਘ ਮਾਣੂੰਕੇ, ਕੁਲਦੀਪ ਸਿੰਘ ਚੌਹਾਨ, ਮਨਪ੍ਰੀਤ ਕੌਰ ਧਾਲੀਵਾਲ ਆਦਿ ਨੇ ਸੰਬੋਧਨ ਕੀਤਾ।