ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਮਾਰਚ
ਇਥੇ ਜੀਵਨ ਨਗਰ ਵਿੱਚ ਮਾਮੂਲੀ ਝਗੜੇ ਦੌਰਾਨ ਇਕ ਵਿਅਕਤੀ ਨੇ ਇੱਟਾਂ ਮਾਰ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਲੱਛਮਣ ਬਹਾਦੁਰ ਛੇਤਰੀ (65) ਆਪਣੇ ਪੁੱਤਰ ਨਾਲੋਂ ਵੱਖ ਰਹਿੰਦਾ ਸੀ। ਉਨ੍ਹਾਂ ਵਿਚਾਲ਼ੇ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਰਾਤ ਵੀ ਕਿਸੇ ਗੱਲ ਨੂੰ ਲੈ ਕੇ ਦੋਨਾਂ ਵਿਚਾਲੇ ਝਗੜਾ ਹੋਇਆ। ਸੂਰਜ ਬਹਾਦੁਰ ਵਾਸੀ ਮੁਹੱਲਾ ਜੀਵਨ ਨਗਰ ਨੇ ਗੁੱਸੇ ਵਿੱਚ ਆ ਕੇ ਆਪਣੇ ਬਜ਼ੁਰਗ ਪਿਤਾ ਦੀ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ। ਲੋਕਾਂ ਨੇ ਉਸਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਦੇ ਜਵਾਈ ਕਿਸ਼ਨ ਬਹਾਦਰ ਨੇ ਦੱਸਿਆ ਕਿ ਸੂਰਜ ਬਹਾਦੁਰ ਅਤੇ ਉਸ ਦਾ ਸਹੁਰਾ ਲਛਮਣ ਬਹਾਦੁਰ ਛੇਤਰੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਵਿਚਾਲੇ ਝਗੜਾ ਹੁੰਦਾ ਰਹਿੰਦਾ ਸੀ। ਪੁਲੀਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।