ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਗਸਤ
ਸਨਅਤੀ ਸ਼ਹਿਰ ਵਿੱਚ ਬਣ ਰਹੀਆਂ ਨਾਜਾਇਜ਼ ਇਮਾਰਤਾਂ ’ਤੇ ਕਾਰਵਾਈ ਕਰਦਿਆਂ ਅੱਜ ਸ਼ਹਿਰ ਵਿੱਚ ਨਗਰ ਨਿਗਮ ਡੀ ਜ਼ੋਨ ਦੇ ਇਲਾਕੇ ਵਿੱਚ ਬਿਲਡਿੰਗ ਬਰਾਂਚ ਦੀਆਂ ਟੀਮਾਂ ਨੇ ਵੱਡੀ ਕਾਰਵਾਈ ਕੀਤੀ।
ਨਗਰ ਨਿਗਮ ਦੀ ਟੀਮ ਨੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਬਣੀਆਂ ਵਪਾਰਕ ਇਮਾਰਤਾਂ ਨੂੰ ਅੱਜ ਸੀਲ ਕਰ ਦਿੱਤਾ ਹੈ। ਨਗਰ ਨਿਗਮ ਦੀ ਟੀਮ ਨੇ ਬੀਆਰਐੱਸ ਨਗਰ ਸਥਿਤ ਅੰਦਰੂਨੀ ਰਿਹਾਇਸ਼ੀ ਇਲਾਕਿਆਂ ਵਿੱਚ ਬਣ ਰਹੀਆਂ ਅੱਠ ਵਪਾਰਕ ਇਮਾਰਤਾਂ ’ਤੇ ਤਾਲਾ ਲਾਇਆ। ਨਗਰ ਨਿਗਮ ਨੇ ਇਹ ਕਾਰਵਾਈ ਏਟੀਪੀ ਮਦਨਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਕੀਤੀ। ਟੀਮ ਨੇ ਦੱਸਿਆ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਜਿਥੇ ਘਰ ਬਣਨੇ ਚਾਹੀਦੇ ਸੀ, ਉਥੇ ਦੁਕਾਨਾਂ ਅਤੇ ਸ਼ੋਅਰੂਮ ਬਣ ਰਹੇ ਸਨ। ਨਗਰ ਨਿਗਮ ਦੀ ਟੀਮ ਨੇ ਕਾਰਵਾਈ ਕਰਦਿਆਂ ਇਨ੍ਹਾਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਹੈ। ਦੱਸ ਦਈਏ ਕਿ ਬੀਆਰਐੱਸ ਨਗਰ ਇਲਾਕੇ ਵਿੱਚ ਨਾਜਾਇਜ਼ ਇਮਾਰਤਾਂ ਬਣਨ ਕਾਰਨ ਦਿਨ ਵੇਲੇ ਕਾਫ਼ੀ ਟਰੈਫਿਕ ਜਾਮ ਲੱਗ ਜਾਂਦਾ ਹੈ। ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਸਬੰਧੀ ਲੋਕਾਂ ਨੇ ਹਾਈਕੋਰਟ ਵਿੱਚ ਵੀ ਸ਼ਿਕਾਇਤਾਂ ਪਾਈਆਂ ਹੋਈਆਂ ਹਨ।