ਜਸਬੀਰ ਸ਼ੇਤਰਾ
ਜਗਰਾਉਂ, 16 ਜੁਲਾਈ
ਇਥੇ ਜਗਰਾਉਂ-ਬਰਨਾਲਾ ਮੁੱਖ ਮਾਰਗ ’ਤੇ ਅਬੋਹਰ ਬਰਾਂਚ ਦੀ ਨਹਿਰ ’ਤੇ ਅਖਾੜੇ ਵਾਲਾ ਪੁਲ ਉਮਰ ਲੰਘਾ ਚੁੱਕਿਆ ਹੈ। ਤੰਗ ਪੁਲ ਨੂੰ ਨਵਾਂ ਚੌੜਾ ਕਰਕੇ ਬਣਾਉਣ ਦੀ ਚਿਰੋਕਣੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ। ਅੰਗਰੇਜ਼ਾਂ ਵੇਲੇ ਦੇ ਬਣੇ ਖਸਤਾ ਹਾਲ ਪੁਲ ਦੀ ਥਾਂ ਹੁਣ ਸਾਢੇ ਅੱਠ ਕਰੋੜ ਦੀ ਲਾਗਤ ਨਾਲ ਚੌੜਾ ਪੁਲ ਬਣੇਗਾ। ਇਸ ਲਈ 8.50 ਕਰੋੜ ਰੁਪਏ ਮਨਜ਼ੂਰ ਹੋ ਗਏ ਹਨ ਅਤੇ ਇਸੇ ਸਾਲ ਅਕਤੂਬਰ ’ਚ ਇਸ ਪੁਲ ਦੀ ਉਸਾਰੀ ਦਾ ਨੀਂਹ-ਪੱਥਰ ਰੱਖਿਆ ਜਾਵੇਗਾ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਢੇ ਅੱਠ ਕਰੋੜ ਪੁਲ ਉਸਾਰੀ ਲਈ ਮਨਜ਼ੂਰ ਹੋ ਗਏ ਹਨ। ਇਸ ਪੁਲ ਦੀ ਉਸਾਰੀ ਲਈ ਪਿਛਲੇ ਸਾਲ ਸੰਘਰਸ਼ ਵਿੱਢਣ ਵਾਲੀ ਕਮੇਟੀ ਦੇ ਮੁਖੀ ਪ੍ਰੀਤਮ ਸਿੰਘ ਅਖਾੜਾ ਨੇ ਦੱਸਿਆ ਕਿ ਗੱਠਜੋੜ ਸਰਕਾਰ ਤੋਂ ਲੈ ਕੇ ਕਾਂਗਰਸ ਸਰਕਾਰ ਸਮੇਂ ਕਈ ਵਾਰ ਤੰਗ ਪੁਲ ਦੀ ਥਾਂ ਨਵਾਂ ਪੁਲ ਬਣਾਉਣ ਦੀ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ। ਕਿਸੇ ਸਰਕਾਰ ਨੇ ਤੰਗ ਪੁਲ ਨੂੰ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਹਾਲਾਂਕਿ ਬਾਕੀ ਥਾਂਵਾਂ ’ਤੇ ਨਹਿਰੀ ਪੁਲ ਨਵੇਂ ਬਣ ਚੁੱਕੇ ਹਨ। ਇਸ ਤੰਗ ਪੁਲ ਤੋਂ ਇਕੋ ਸਮੇਂ ਇਕ ਪਾਸੇ ਦੀ ਆਵਾਜਾਈ ਲੰਘ ਸਕਦੀ ਹੈ ਤੇ ਦੂਜੇ ਪਾਸੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਉਂਜ ਵੀ ਅੰਗਰੇਜ਼ਾਂ ਵੇਲੇ ਦਾ ਬਣਿਆ ਪੁਲ ਇਸ ਸਮੇਂ ਖਸਤਾ ਹਾਸਲ ’ਚ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਤੇ ਪੰਚਾਇਤਾਂ ਨੂੰ ਨਾਲ ਲੈ ਕੇ ਲੰਘੇ ਸਾਲ 15 ਜੁਲਾਈ ਨੂੰ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਸੀ ਅਤੇ 31 ਜੁਲਾਈ ਨੂੰ ਪੁਲ ’ਤੇ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ ਸੀ। ਤਤਕਾਲੀ ਕਾਂਗਰਸ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤੇ ਹੁਣ ਇਕ ਸਾਲ ਬਾਅਦ ਜਾ ਕੇ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਦੀ ਜ਼ਰੂਰਤ ਨੂੰ ਸਮਝਦਿਆਂ ਪੁਲ ਉਸਾਰੀ ਲਈ ਰਕਮ ਮਨਜ਼ੂਰ ਕੀਤੀ ਹੈ। ਇਸ ਲਈ ਉਨ੍ਹਾਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਡਾ. ਨਰਿੰਦਰ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ ਦੇਹੜਕਾ, ਕਸ਼ਮੀਰ ਸਿੰਘ ਭੰਮੀਪੁਰਾ, ਅਸ਼ੋਕ ਸੰਗਮ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪੁਲ ਦਾ ਨੀਂਹ ਪੱਥਰ ਅਕਤੂਬਰ ’ਚ ਲੋਕਾਂ ਦੀ ਸ਼ਮੂਲੀਅਤ ਵਾਲਾ ਵੱਡਾ ਸਮਾਗਮ ਕਰਵਾ ਕੇ ਰੱਖਿਆ ਜਾਵੇਗਾ।