ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਮਾਰਚ
ਗਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਅੱਜ ਆਲਮੀ ਤਪਸ਼ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਵੇਕਲਾ ਉਪਰਾਲਾ ਕੀਤਾ ਗਿਆ। ਇੱਥੋਂ ਦੇ ਰਾਣੀ ਝਾਂਸੀ ਚੌਕ ਵਿਚ ਸੰਸਥਾ ਦੇ ਆਗੂ ਪ੍ਰੋ. ਕਰਮ ਸਿੰਘ ਸੰਧੂ, ਕੰਚਨ ਗੁਪਤਾ ਅਤੇ ਸੱਤਪਾਲ ਦੇਹੜਕਾ ਗਲਾਂ ’ਚ ਫਾਂਸੀ ਦੇ ਰੱਸੇ ਪਾ ਕੇ ਵਰਫ਼ ਦੀਆਂ ਸਿੱਲੀਆਂ ’ਤੇ ਖੜ੍ਹੋਤੇ ਰਹੇ।
ਇਸ ਸਬੰਧੀ ਪ੍ਰੋ. ਸੰਧੂ ਨੇ ਦੱਸਿਆ ਕਿ ਉਨ੍ਹਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਕੀਤਾ ਉਸ ਦੇ ਸਿੱਟੇ ਵਜੋਂ ਗਲੇਸ਼ੀਅਰ ਪਿਘਲ ਰਹੇ ਜੋ ਉਨ੍ਹਾਂ ਦੇ ਪੈਰਾਂ ਵਾਲੀ ਬਰਫ ਵਾਂਗ ਹੈ। ਵੱਡੀ ਪੱਧਰ ’ਤੇ ਦਰਖਤਾਂ ਦੀ ਕਟਾਈ ਸਾਡੇ ਗਲ ’ਚ ਫਾਂਸੀ ਦਾ ਰੱਸਾ ਪਾਉਣ ਸਮਾਨ ਹੈ। ਸਮਾਜਿਕ ਕਾਰਕੁਨ ਕੰਚਨ ਗੁਪਤਾ ਨੇ ਕਿਹਾ ਕਿ ਇਹ ਇਕ ਉਪਰਾਲਾ ਕੀਤਾ ਗਿਆ ਜਿਸ ’ਚ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਇਨਸਾਨਾਂ ਦੀ ਗ਼ਲਤੀ ਨਾਲ ਜੋ ਕੁਦਰਤ ਨੂੰ ਨੁਕਸਾਨ ਹੋ ਰਿਹਾ ਹੈ ਉਸ ਕਰ ਕੇ ਗਲੋਬਲ ਵਾਰਮਿੰਗ ਦੀ ਨੌਬਤ ਆਈ ਹੈ।