ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਅਗਸਤ
ਹਲਕੇ ਦੀ ਨੁਹਾਰ ਬਦਲਣ ਅਤੇ ਲੋਕਾਂ ਨੂੰ ਦੁਰਗਤ ਭਰੀ ਜ਼ਿੰਦਗੀ ਵਿੱਚੋਂ ਕੱਢਣ ਲਈ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਪੱਤਰ ਦੀ ਕਾਪੀ ਵਿਖਾਉਂਦੇ ਹੋਏ ਦੱਸਿਆ ਕਿ ਪੰਜਾਬ ਰਾਜ ’ਚ ਟਿਊਬਵੈੱਲਾਂ ਰਾਹੀਂ ਪਾਣੀ ਦੀ ਸਪਲਾਈ ਨਾਲ ਜ਼ਮੀਨੀ ਪਾਣੀ ਦੇ ਪੱਧਰ ਲਗਾਤਾਰ ਦਿਨੋ-ਦਿਨ ਘਟ ਰਿਹਾ ਹੈ। ਇਸ ਕਮੀ ਨੂੰ ਰੋਕਣ ਲਈ ਪਾਣੀ ਦੀ ਸਪਲਾਈ ਸਬਮਰਸੀਬਲ ਮੋਟਰਾਂ ਜਾਂ ਟਿਊਬਵੈੱਲਾਂ ਦੀ ਬਜਾਏ ਨਹਿਰੀ ਪਾਣੀ ਦੇ ਸਰੋਤਾਂ ਰਾਹੀਂ ਦਿੱਤੀ ਜਾਵੇਗੀ। ਕੁਦਰਤੀ ਸੋਮਿਆਂ ਰਾਹੀਂ ਮਿਲਣ ਵਾਲੇ ਪਾਣੀ ’ਚ ਬਹੁਤ ਸਾਰੀਆਂ ਧਾਤਾਂ ਹੁੰਦੀਆਂ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਪਹਿਲੇ ਪੜਾਅ ਅਧੀਨ ਆਉਂਦੇ 87 ਕਸਬਿਆਂ ’ਚ ਲਾਗੂ ਕੀਤੀ ਜਾਵੇਗੀ। ਇਸ ਲਈ ਨਗਰ ਕੌਂਸਲਾਂ ਵੱਲੋਂ ਮਤੇ ਪਾਏ ਜਾਣੇ ਹਨ। ਵਿਧਾਇਕਾ ਮਾਣੂੰਕੇ ਨੇ ਜਗਰਾਉਂ ਦੇ ਲੋਕਾਂ ਨੂੰ ਸ਼ੁੱਧ ਪੀਣਯੋਗ ਪਾਣੀ ਦੇਣ ਲਈ ਨਗਰ ਕੌਸਲ ਦੇ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਨਗਰ ਕੌਂਸਲ ਵੱਲੋਂ ਤੁਰੰਤ ਮਤਾ ਪੁਆ ਕੇ ਦੇਣ ਤਾਂ ਜੋ ਜਗਰਾਉਂ ਦੇ ਲੋਕਾਂ ਨੂੰ ਸਕੀਮ ਤਹਿਤ ਨਹਿਰੀ ਪਾਣੀ ਪ੍ਰਾਜੈਕਟ ਨਾਲ ਜੋੜਿਆ ਜਾ ਸਕੇ। ਵਿਧਾਇਕਾ ਨੇ ਦੱਸਿਆ ਕਿ 37.56 ਕਰੋੜ ਰੁਪਏ ਦੀ ਲਾਗਤ ਨਾਲ ਜਗਰਾਉਂ ਵਾਸੀਆਂ ਨੂੰ ਸਕੀਮ ਤਹਿਤ ਨਹਿਰੀ ਸਾਫ਼ ਅਤੇ ਸ਼ੁੱਧ ਪੀਣਯੋਗ ਪਾਣੀ ਦਿੱਤਾ ਜਾਵੇਗਾ। ਪ੍ਰਾਜੈਕਟ ਮੁਕੰਮਲ ਹੋਣ ਉਪਰੰਤ ਨਗਰ ਕੌਂਸਲ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਅਤੇ ਹੋਰ ਸਬੰਧਤ ਕੰਮਾਂ ਦੀ ਦੇਖ-ਰੇਖ ਦਾ ਕੰਮ ਵੀ ਆਪਣੇ ਪੱਧਰ ’ਤੇ ਹੀ ਕੀਤਾ ਜਾਵੇਗਾ।