ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਮਾਰਚ
ਨੇੜਲੇ ਪਿੰਡ ਰੂਮੀ ਦੀ ਵੈੱਲਫੇਅਰ ਸੁਸਾਇਟੀ, ਪਰਵਾਸੀ ਪੰਜਾਬੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਾਂਝੇ ਤੌਰ ’ਤੇ ਇਕ ਸਨਮਾਨ ਸਮਾਗਮ ਕਰਵਾਇਆ ਗਿਆ।
ਪਿੰਡ ਇਕਾਈ ਦੇ ਪ੍ਰਧਾਨ ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਇਸ ਸਮਾਗਮ ’ਚ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਮਹਿਲ ਕਲਾਂ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ ਸੀ। ਇਸ ਸਮੇਂ ਸਿਰਫ ਧਨੇਰ ਦਾ ਭਾਸ਼ਣ ਸੁਣਨ ਦਾ ਹੀ ਫ਼ੈਸਲਾ ਕੀਤਾ ਗਿਆ ਸੀ। ਮੁੱਖ ਬੁਲਾਰੇ ਵਜੋਂ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਨੇ ਦਿੱਲੀ ਅਤੇ ਪੰਜਾਬ ਦੇ ਕਿਸਾਨ ਅੰਦੋਲਨ ’ਚ ਜੋ ਭੂਮਿਕਾ ਨਿਭਾਈ ਉਸੇ ਦਾ ਸਿੱਟਾ ਹੈ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕੇ। ਉਨਾਂ ਕਿਹਾ ਕਿ ਜਥੇਬੰਦੀ ਕਿਸਾਨ ਮੋਰਚੇ ਵੱਲੋਂ ਵਿਧਾਨ ਸਭਾ ਚੋਣਾਂ ’ਚ ਹਿੱਸਾ ਲੈਣ ਦੇ ਸਖ਼ਤ ਖ਼ਿਲਾਫ਼ ਸੀ ਤੇ ਉਨ੍ਹਾਂ ਬਲਬੀਰ ਸਿੰਘ ਰਾਜੇਵਾਲ ਤੇ ਹੋਰਾਂ ਨੂੰ ਮਨ੍ਹਾਂ ਵੀ ਕੀਤਾ ਸੀ। ਚੋਣਾਂ ’ਚ ਹਿੱਸਾ ਲੈਣ ਜਾਂ ਨਾ ਲੈਣ ਦੇ ਕਾਰਨ ਸੰਯੁਕਤ ਕਿਸਾਨ ਮੋਰਚੇ ਦੀਆਂ ਦੋ ਧਿਰਾਂ ਬਣ ਗਈਆਂ ਪਰ ਉਨ੍ਹਾਂ ਦੀ ਤੇ ਕਿਰਤੀ ਕਿਸਾਨ ਯੂਨੀਅਨ ਦੀ ਜ਼ੋਰਦਾਰ ਕੋਸ਼ਿਸ਼ ਹੈ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵਾਲਾ ਜਾਨਦਾਰ ਰੂਪ ਅਖਤਿਆਰ ਕਰੇ ਅਤੇ ਲਟਕ ਰਹੀਆਂ ਮੰਗਾਂ ਲਈ ਮੁੜ ਕਿਸਾਨ ਅੰਦੋਲਨ ਦੀ ਵਾਗਡੋਰ ਸੰਭਾਲੇ। ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ’ਚ ਜਥੇਬੰਦੀ ਮਜ਼ਬੂਤ ਕਰਨ, ਔਰਤ ਮਰਦ ਕਿਸਾਨਾਂ ਨੂੰ ਘਰੋਂ ਘਰੀਂ ਜਾ ਕੇ ਮੈਂਬਰ ਬਣਾਉਣ ਦਾ ਸੱਦਾ ਦਿੱਤਾ। ਤੇਈ ਮਾਰਚ ਦੇ ਸ਼ਹੀਦਾਂ ਦੇ ਸ਼ਹੀਦੀ ਦਿਨ ’ਤੇ ਸਮਾਗਮ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਉਨ੍ਹਾਂ ਉਸ ਦਿਨ ਸਵੇਰੇ ਦਸ ਵਜੇ ਇਕੱਤਰ ਹੋ ਕੇ ਪਹਿਲਾਂ ਜਗਰਾਉਂ ’ਚ ਸ਼ਰਧਾਂਜਲੀ ਮਾਰਚ ਕਰਨ ਅਤੇ ਉਪਰੰਤ ਪਿੰਡ ਸੋਢੀਵਾਲ ਵਿਖੇ ਗੁਰਦਆਰਾ ਬਾਉਲੀ ਸਾਹਿਬ ਵਿਖੇ ਕਿਸਾਨ ਸ਼ਹੀਦ ਬਲਕਰਨ ਸਿੰਘ ਲੋਧੀਵਾਲ ਦੇ ਬਰਸੀ ਸਮਾਗਮ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਸਮੇਂ ਮਨਜੀਤ ਧਨੇਰ ਦੇ ਨਾਲ ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਦਵਿੰਦਰ ਸਿੰਘ ਕਾਉਂਕੇ ਤੇ ਹੋਰ ਕਿਸਾਨ ਆਗੂਆਂ ਦਾ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।