ਸਤਵਿੰਦਰ ਬਸਰਾ
ਲੁਧਿਆਣਾ, 26 ਜੁਲਾਈ
ਸ਼ਹਿਰ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਨੇ ਅੱਜ ਕਾਰਗਿਲ ਦਾ ਜਿੱਤ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਵਿੱਚ 22ਵਾਂ ਕਾਰਗਿਲ ਜਿੱਤ ਦਾ ਦਿਨ ਮਨਾਇਆ। ਏਐਨਓਐਸ/ਅਫਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਏਸੀ ਸੇਠੀ ਦੀ ਅਗਵਾਈ ਹੇਠ ਐਨਸੀਸੀ ਕੈਡਿਟਾਂ ਵੱਲੋਂ ਬੜੀ ਸ਼ਰਧਾਪੂਰਵਕ ਕਾਰਗਿਲ ਜਿੱਤ ਦਾ ਦਿਨ ਮਨਾਇਆ ਗਿਆ। ਅੱਜ ਦੇ ਦਿਨ ਸਾਡੇ ਦੇਸ਼ ਦੇ ਫੌਜੀਆਂ ਨੇ ਕਾਰਗਿਲ ਅਤੇ ਦਰਾਸ ਦੇ ਖੇਤਰਾਂ ਨੂੰ ਆਜ਼ਾਦ ਕਰਵਾਇਆ ਸੀ। ਇਸ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਹਿੱਤ ਸਕੂਲ ਵਿੱਚ ਇੱਕ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਘੱਟ ਕੈਡਿਟਾਂ ਨੂੰ ਸਕੂਲ ਵਿੱਚ ਬੁਲਾਇਆ ਗਿਆ ਹੈ। ਜਦਕਿ ਬਾਕੀ ਕੈਡਿਟਾਂ ਨੇ ਘਰਾਂ ਵਿੱਚ ਹੀ ਕਾਰਗਿਲ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਮਨੋਜ ਕੁਮਾਰ, ਹਰਪਾਲ ਸਿੰਘ, ਵਰਿੰਦਰ ਸਿੰਘ, ਸ਼ਰਨਜੀਤ ਸਿੰਘ, ਹਰਪ੍ਰੀਤ ਸਿੰਘ, ਰਾਜ ਗਗਨਪ੍ਰੀਤ ਸਿੰਘ, ਰਵਿੰਦਰ ਕੌਰ, ਮਨਦੀਪ ਕੌਰ, ਸੁਖਜੀਤ ਕੌਰ, ਗੁਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ। ਇਸੇ ਤਰ੍ਹਾਂ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਐਨਸੀਸੀ ਯੂਨਿਟ ਵੱਲੋਂ ‘ਕਾਰਗਿਲ ਵਿਜੈ ਦਿਵਸ’ ਮੌਕੇ ਲੈਫਟੀਨੈਂਟ ਡਾ. ਸੀਮਾ ਸ਼ਰਮਾ ਦੀ ਅਗਵਾਈ ਹੇਠ ਰੋਜ਼ ਗਾਰਡਨ ਲੁਧਿਆਣਾ ਵਿੱਚ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਦੀ ਸਾਫ ਸਫਾਈ ਕੀਤੀ ਗਈ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਦਿ ਫਰੈਂਡਜ਼ ਵੈੱਲਫੇਅਰ ਐਸੋਸੀਏਸ਼ਨ ਏ ਬਲਾਕ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਮੈਬਰਾਂ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਆਪਣਾ ਸਿੱਜਦਾ ਕੀਤਾ। ਗੁਰੂ ਰਾਮਦਾਸ ਜੀ ਪਾਰਕ ਏ ਬਲਾਕ ਵਿੱਖੇ ਸ਼ਰਧਾਂਜਲੀ ਸਮਾਗਮ ਦੌਰਾਨ ਜਸਪਾਲ ਸਿੰਘ ਕੋਹਲੀ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਆਪਣੀਆਂ ਕੀਮਤੀ ਜਾਨਾਂ ਵਾਰਨ ਵਾਲੇ ਫੌਜ ਦੇ ਸੂਰਬੀਰ ਜਵਾਨ ਦੇਸ਼ ਤੇ ਕੌਮ ਦਾ ਵੱਡਮੁੱਲਾ ਸਰਮਾਇਆ ਹਨ।
ਸ਼ਹੀਦ ਲੈਂਫਟੀਨੈਂਟ ਨੂੰ ਯਾਦ ਕਰਨਾ ਭੁੱਲਿਆ ਜਗਰਾਓਂ ਪ੍ਰਸ਼ਾਸਨ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਵੀਹ ਵਰ੍ਹੇ ਪਹਿਲਾਂ 23 ਸਾਲ ਦੀ ਉਮਰ ’ਚ ਕਸ਼ਮੀਰ ’ਚ ਸ਼ਹੀਦ ਹੋਏ ਜਗਰਾਉਂ ਦੇ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਨੂੰ ਅੱਜ ਵਿਜੈ ਦਿਵਸ ’ਤੇ ਯਾਦ ਕਰਨਾ ਭੁੱਲ ਸਰਕਾਰ ਦੇ ਚੇਤੇ ਵਿੱਚੋਂ ਵਿਸਰ ਗਿਆ ਲੱਗਿਆ। ਸਰਕਾਰ ਤੇ ਪ੍ਰਸ਼ਾਸਨ ਸ਼ਹੀਦ ਗੋਲਡੀ ਨੂੰ ‘ਕਾਰਗਿਲ ਸ਼ਹੀਦ’ ਮੰਨਦਾ ਹੈ। ਪ੍ਰਸ਼ਾਸਨ ਨੇ ਤਹਿਸੀਲ ਰੋਡ ਦਾ ਨਾਂ ਵੀ ਕਾਰਗਿਲ ਸ਼ਹੀਦ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਮਾਰਗ ਰੱਖਿਆ ਹੋਇਆ ਹੈ। ਤਹਿਸੀਲ ਰੋਡ ’ਤੇ ਹੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਵੀ ਇਹੋ ਰੱਖਿਆ ਜਾ ਚੁੱਕਾ ਹੈ। ਛੇ ਮਹੀਨੇ ਪਹਿਲਾਂ ਜਨਵਰੀ ਨੂੰ ਸ਼ਹੀਦ ਦੀ ਯਾਦਗਾਰ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਇਸ ਯਾਦਗਾਰ ’ਤੇ ਵੀ ‘ਕਾਰਗਿਲ ਸ਼ਹੀਦ’ ਉਕਰਿਆ ਹੋਇਆ ਹੈ। ਇਸ ਰੋਡ ’ਤੇ ਹੀ ਰੇਲਵੇ ਫਾਟਕਾਂ ਨੇੜੇ ਸ਼ਹੀਦ ਦਾ ਜੱਦੀ ਘਰ ਸਥਿਤ ਹੈ ਪਰ ਜੁਲਾਈ 2001 ’ਚ ਲੈਫਟੀਨੈਂਟ ਮਨਪ੍ਰੀਤ ਸਿੰਘ ਦੀ ਸ਼ਹੀਦੀ ਤੋਂ ਕੁਝ ਸਮਾਂ ਬਾਅਦ ਇਹ ਪਰਿਵਾਰ ਲੁਧਿਆਣਾ ਚਲਾ ਗਿਆ ਸੀ। ਭਾਰਤੀ ਹਵਾਈ ਸੈਨਾ ’ਚ ਰਹੇ ਕਰਮਜੀਤ ਸਿੰਘ ਦੇ ਘਰ 1978 ’ਚ ਜਨਮੇ ਮਨਪ੍ਰੀਤ ਸਿੰਘ ਨੇ ਲੈਫਟੀਨੈਂਟ ਭਰਤੀ ਹੋ ਕੇ ਨਾ ਸਿਰਫ ਮਾਪਿਆਂ ਦਾ ਸਗੋਂ ਜਗਰਾਉਂ ਸ਼ਹਿਰ ਦਾ ਨਾਂ ਵੀ ਰੌਸ਼ਨ ਕੀਤਾ। ਜੁਲਾਈ 2001 ਵਿੱਚ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਜੰਮੂ ਕਸ਼ਮੀਰ ਦੀ ਮਹੌੜ ਤਹਿਸੀਲ ’ਚ ‘ਆਪਰੇਸ਼ਨ ਰਕਸ਼ਕ’ ਦੌਰਾਨ ਡਿਊਟੀ ’ਤੇ ਸੀ ਜਦੋਂ ਅਤਿਵਾਦੀ ਹਮਲੇ ’ਚ ਉਹ ਸ਼ਹੀਦ ਹੋ ਗਿਆ। ਕਾਰਗਿਲ ਜੰਗ ਅਤੇ ਆਪਰੇਸ਼ਨ ਰਕਸ਼ਕ ’ਚ ਦੋ ਸਾਲ ਦਾ ਅੰਤਰ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਨੇ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਨੂੰ ‘ਕਾਰਗਿਲ ਸ਼ਹੀਦ’ ਹੀ ਮੰਨਿਆ। ਹੈਰਾਨੀ ਇਸ ਗੱਲ ਦੀ ਹੈ ਕਿ ‘ਕਾਰਗਿਲ ਸ਼ਹੀਦ’ ਨੂੰ ਅੱਜ ਵਿਜੈ ਦਿਵਸ ਮੌਕੇ ਕਿਸੇ ਨੇ ਯਾਦ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। 17 ਜਨਵਰੀ ’ਚ ਯਾਦਗਾਰ ਦਾ ਉਦਘਾਟਨ ਕਰਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਧੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਆਦਿ ਪਹੁੰਚੇ ਸਨ ਪਰ ਅੱਜ ਕਿਸੇ ਨੂੰ ਸ਼ਹੀਦ ਦੀ ਯਾਦ ਨਹੀਂ ਆਈ। ਐੱਸਡੀਐੱਮ ਦੇ ਬਾਹਰ ਹੋਣ ਕਰ ਕੇ ਸੰਪਰਕ ਨਹੀਂ ਹੋ ਸਕਿਆ ਜਦਕਿ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਕਿਹਾ ਕਿ ਇਹ ਕੰਮ ਨਗਰ ਕੌਂਸਲ ਦਾ ਹੈ। ਨਗਰ ਕੌਂਸਲ ਦੇ ਈਓ ਪਰਦੀਪ ਦੌਧਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ।