ਸਤਵਿੰਦਰ ਬਸਰਾ
ਲੁਧਿਆਣਾ, 7 ਅਗਸਤ
ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਸਾਂਝੇ ਤੌਰ ਉੱਤੇ ‘ਈਟ ਰਾਈਟ ਮੇਲਾ’ ਅਤੇ ਵਾਕਾਥਨ ਕਰਵਾਈ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਿਕ ਮੈਂਬਰ ਨਰਿੰਦਰ ਸਿੰਘ ਗਿੱਲ ਅਤੇ ਜਸਮੀਤ ਕੌਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਅਮਰਜੀਤ ਬੈਂਸ ਵੱਲੋਂ ਝੰਡੀ ਦਿਖਾ ਕੇ ਵਾਕਾਥਨ ਦੀ ਸ਼ੁਰੂਆਤ ਗੁਰੂ ਨਾਨਕ ਸਟੇਡੀਅਮ ਤੋਂ ਕੀਤੀ ਗਈ। ਵਾਕਾਥਨ ਰਾਹੀਂ ਸ਼ਹਿਰ ਵਾਸੀਆਂ ਵੱਲੋਂ ਸਰੀਰਕ ਤੰਦਰੁਸਤੀ ਸੁਨੇਹਾ ਦਿੱਤਾ ਗਿਆ। ਇਹ ਵਾਕਾਥਨ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਲੁਧਿਆਣਾ ਕਲੱਬ ਵਿੱਚ ਸਮਾਪਤ ਹੋਈ। ਇਸ ਮੌਕੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਇਹ ਈਟ ਰਾਈਟ ਮੇਲਾ ਐਫ.ਡੀ.ਏ. ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜੰਕ ਫੂਡ ਅਤੇ ਆਮ ਲੋਕਾਂ ਨੂੰ ਤਲੀਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਜੋਕਿ ਸਿਹਤ ਲਈ ਹਾਨੀਕਾਰਕ ਹਨ। ਇਹ ਮੋਟਾਪੇ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਮੌਕੇ ਸਿਵਲ ਸਰਜਨ ਦਫ਼ਤਰ ਤੋਂ ਡਾ. ਪੁਨੀਤ ਸਿੱਧੂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।
ਸਿਹਤ ਵਿਭਾਗ ਵੱਲੋਂ ਈਟ ਰਾਈਟ ਮੇਲੇ ਨੂੰ ਮੁੱਖ ਰੱਖਦਿਆਂ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ ਜਿੱਥੇ ਇਸ਼ਮੀਤ ਅਕੈਡਮੀ ਦੇ ਸਿਖਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਸਮਾਗਮ ਦੌਰਾਨ ਸਰਕਾਰੀ ਸਕੂਲ, ਸਮਿਟਰੀ ਰੋਡ ਦੀਆਂ ਵਿਦਿਆਰਥਣਾਂ ਨੇ ਲੋਕ ਬੋਲੀਆਂ ਰਾਹੀਂ ਆਮ ਲੋਕਾਂ ਨੂੰ ਪੋਸ਼ਟਿਕ ਭੋਜਨ ਖਾਣ ਲਈ ਪ੍ਰੇਰਿਤ ਕੀਤਾ। ਨੈਸ਼ਨਲ ਐਵਾਰਡੀ ਅਧਿਆਪਕ ਕਰਮਜੀਤ ਗਰੇਵਾਲ ਨੇ ਪੇਸ਼ਕਾਰੀ ਦਿੱਤੀ। ਮੇਲੇ ਦੌਰਾਨ ਆਰਗੈਨਿਕ ਅਤੇ ਪੋਸ਼ਟਿਕ ਆਹਾਰ ਦੀਆਂ ਲਗਭਗ 25 ਸਟਾਲਾਂ ਲਗਾਈਆਂ ਗਈਆਂ ਜਿਸ ਵਿੱਚ ਲੋਕਾਂ ਨੂੰ ਪੋਸ਼ਟਿਕ ਭੋਜਨ ਖਾਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਡਾਈਟੀਸ਼ੀਅਨ ਵੱਲੋਂ ਵੀ ਲੋਕਾਂ ਨੂੰ ਪੋਸ਼ਟਿਕ ਭੋਜਨ ਬਾਰੇ ਜਾਗਰੂਕ ਕੀਤਾ ਗਿਆ। ਨਿਊਟ੍ਰੀ਼ਸ਼ਨ ਅਤੇ ਦੰਦਾ ਨਾਲ ਸਬੰਧਤ ਟੀਮ ਵੱਲੋਂ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ।ਪ੍ਰੋਗਰਾਮ ਦੇ ਅਖੀਰ ਵਿੱਚ ਸਨਮਾਨ ਸਮਾਗਮ ਵੀ ਹੋਇਆ।