ਗਗਨਦੀਪ ਅਰੋੜਾ
ਲੁਧਿਆਣਾ, 4 ਸਤੰਬਰ
ਪਹਿਲਾਂ ਆਟੋ ਤੇ ਹੁਣ ਈ-ਰਿਕਸ਼ਾ ਕਾਰਨ ‘ਸਮਾਰਟ ਸਿਟੀ’ ਵਿੱਚ ਆਵਾਜਾਈ ਜਾਮ ਰਹਿੰਦੀ ਹੈ। ਮੌਜੂਦਾ ਸਮੇਂ ਈ-ਰਿਕਸ਼ਾ ਲਈ ਨਾ ਤਾਂ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੈ ਤੇ ਨਾ ਕਿਸੇ ਤਰ੍ਹਾਂ ਦੇ ਕਾਗਜ਼ਾਤ ਦੀ। ਇੱਥੋਂ ਤੱਕ ਕੀ ਈ-ਰਿਕਸ਼ਾ ਵਾਲਿਆਂ ਦੀ ਇੰਸ਼ੋਰੈਂਸ ਵੀ ਨਹੀਂ ਹੈ, ਜਿਸ ਕਰਕੇ ਟਰੈਫਿਕ ਪੁਲੀਸ ਵਾਲੇ ਈ-ਰਿਕਸ਼ਾ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਕਰਦੇ। ਇਸ ਦਾ ਫਾਇਦਾ ਚੁੱਕਦੇ ਹੋਏ ਈ-ਰਿਕਸ਼ਾ ਵਾਲਿਆਂ ਨੇ ਸ਼ਹਿਰ ਦੇ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਈ-ਰਿਕਸ਼ਾ ਡਰਾਈਵਰ ਮਰਜ਼ੀ ਦੀ ਥਾਂ ’ਤੇ ਰੁੱਕ ਜਾਂਦੇ ਹਨ, ਜਿਸ ਕਾਰਨ ਹੁਣ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਈ-ਰਿਕਸ਼ਾ ਕਰਕੇ ਆਵਾਜਾਈ ਜਾਮ ਹੋਣ ਲੱਗੀ ਹੈ।
ਸ਼ਹਿਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਈ-ਰਿਕਸ਼ਾ ਦੀ ਗਿਣਤੀ ਵੱਧਦੀ ਜਾ ਰਹੀ ਹੈ। ਰਜਿਸਟ੍ਰੇਸ਼ਨ ਨਾ ਹੋਣ ਕਾਰਨ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਕਿ ਸ਼ਹਿਰ ਵਿੱਚ ਕਿੰਨੇ ਈ-ਰਿਕਸ਼ਾ ਹਨ। ਈ-ਰਿਕਸ਼ਾ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਰੇਲਵੇ ਸਟੇਸ਼ਨ ਰੋਡ ਤੇ ਬੱਸ ਸਟੈਂਡ ਰੋਡ ’ਤੇ ਹੈ। ਇਸ ਤੋਂ ਇਲਾਵਾ ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਸਮਰਾਲਾ ਚੌਕ, ਬਸਤੀ ਜੋਧੇਵਾਲ ਚੌਕ, ਥਾਣਾ ਡਿਵੀਜ਼ਨ ਨੰਬਰ-3 ਚੌਕ, ਸੀਐੱਮਸੀ ਚੌਕ, ਫੀਲਡਗੰਜ ਵਿੱਚ ਵੀ ਈ-ਰਿਕਸ਼ਾ ਕਰਕੇ ਟਰੈਫਿਕ ਜਾਮ ਲਗਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ ਪੁਲੀਸ ਕਮਿਸ਼ਨਰ ਕੌਸਤੁਬ ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿੱਖੀ ਕੇ ਇਸ ਸਬੰਧੀ ਜਾਣੂ ਕਰਵਾਇਆ ਸੀ।
ਜਲਦੀ ਹੀ ਸ਼ੁਰੂ ਹੋਵੇਗੀ ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ
ਜੁਆਇੰਟ ਪੁਲੀਸ ਕਮਿਸ਼ਨਰ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਈ-ਰਿਕਸ਼ਾ ਵਾਲਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲ ਹੀ ਜਲਦੀ ਹੀ ਈ-ਰਿਕਸ਼ਾ ਵਾਲਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਉਸ ਤੋਂ ਬਾਅਦ ਜੇ ਈ-ਰਿਕਸ਼ਾ ਵਾਲਿਆਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ।