ਜਸਬੀਰ ਸ਼ੇਤਰਾ
ਜਗਰਾਉਂ, 11 ਜੁਲਾਈ
ਇਥੇ ਥਾਣਾ ਸਿਟੀ ਅੱਗੇ 111 ਦਿਨ ਤੋਂ ਚੱਲ ਰਹੇ ਧਰਨੇ ਦੌਰਾਨ ਅੱਜ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੁਣਵਾਈ ਨਾ ਹੋਣ ਤੇ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ 22 ਜੁਲਾਈ ਨੂੰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਬਲਦੇਵ ਸਿੰਘ, ਬੀਕੇਯੂ (ਡਕੌਂਦਾ) ਦੇ ਜੱਗਾ ਸਿੰਘ ਢਿਲੋਂ, ਰਾਮਤੀਰਥ ਸਿੰਘ ਲੀਲਾਂ ਨੇ ਦੱਸਿਆ ਕਿ 23 ਮਾਰਚ ਤੋਂ ਥਾਣਾ ਸਿਟੀ ਅੱਗੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਅੱਜ ਵੀ ਜਾਰੀ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ’ਚ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਪਿੱਛੇ ਪੰਜਾਬ ਦੀ ਮੌਜੂਦਾ ਸੱਤਾਧਾਰੀ ਧਿਰ ਨੂੰ ਪੂਰਨ ਰੁੂਪ ’ਚ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਘਿਰਾਓ ਵਾਲੇ ਦਿਨ ਧਰਨਾਕਾਰੀ ਪਹਿਲਾਂ ਰੇਲਵੇ ਪੁਲ ਹੇਠਾਂ ਇਕੱਠੇ ਹੋਣਗੇ ਫਿਰ ਰੋਸ ਮੁਜ਼ਾਹਰੇ ਦੀ ਸ਼ਕਲ ’ਚ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬੰਤਾ ਸਿੰਘ ਡੱਲਾ, ਹਰੀ ਸਿੰਘ ਚਚਰਾੜੀ, ਅੰਗਰੇਜ਼ ਸਿੰਘ, ਜਸਪ੍ਰੀਤ ਸਿੰਘ ਢੋਲਣ, ਬਲਵਿੰਦਰ ਸਿੰਘ ਪੋਨਾ ਤੇ ਜਿੰਦਰ ਸਿੰਘ ਮਾਣੂੰਕੇ ਤੋਂ ਇਲਾਵਾ ਜਬਰ ਜ਼ੁਲਮ ਵਿਰੋਧੀ ਫਰੰਟ ਦੇ ਆਗੂ ਕੁਲਦੀਪ ਸਿੰਘ ਚੌਹਾਨ ਨੇ ਕਿਹਾ ਕਿ ਹੁਣ ਸਰਕਾਰ ਨਾਲ ਆਰ-ਪਾਰ ਦੀ ਜੰਗ ਲੜਨ ਤੋਂ ਬਿਨਾਂ ਕੋਈ ਹੋਰ ਰਸਤਾ ਵੀ ਨਹੀਂ ਬਚਿਆ। ਜ਼ਿਕਰਯੋਗ ਹੈ ਕਿ ਇਹ ਧਰਨਾ ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਮਗਰੋਂ ਡੀਐੱਸਪੀ ਸਮੇਤ ਚਾਰ ਜਣਿਆਂ ਖ਼ਿਲਾਫ਼ ਦਰਜ ਪਰਚੇ ’ਚ ਗ੍ਰਿਫ਼ਤਾਰੀਆਂ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ।
ਵਿਧਾਇਕ ਬੀਬੀ ਛੀਨਾ ਦੇ ਘਰ ਅੱਗੇ ਹੁੱਲੜਬਾਜ਼ੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਦੀ ਪੁਲੀਸ ਨੇ ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਦੇ ਘਰ ਬਾਹਰ ਹੁੱਲੜਬਾਜ਼ੀ ਕਰਨ ਦੇ ਦੋਸ਼ ਤਹਿਤ 40-45 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਸੁਭਾਸ਼ ਚੰਦਰ ਨੇ ਦੱਸਿਆ ਹੈ ਕਿ ਇਨ੍ਹਾਂ ਲੋਕਾਂ ਨੇ ਸਤਜੋਤ ਨਗਰ ਰਹਿੰਦੀ ਬੀਬੀ ਛੀਨਾ ਦੇ ਘਰ ਦੇ ਬਾਹਰ ਗਲੀ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਬੀਬੀ ਛੀਨਾ ਨੂੰ ਘਰ ਅੰਦਰ ਜਾਣ ਤੋਂ ਰੋਕਿਆ। ਉਨ੍ਹਾਂ ਦੱਸਿਆ ਕਿ ਹੁੱਲੜਬਾਜ਼ਾਂ ਨੇ ਆਵਾਜਾਈ ਵੀ ਠੱਪ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।