ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਸਤੰਬਰ
ਪਨਬਸ ਅਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਸ਼ਨਿੱਚਰਵਾਰ ਨੂੰ ਬੱਸ ਅੱਡੇ ’ਤੇ ਸੁੰਨ ਪਸਰੀ ਰਹੀ। ਬੱਸਾਂ ਲਈ ਯਾਤਰੀ ਭਟਕਦੇ ਦਿਖੇ। ਬੱਸ ਸਟੈਂਡ ਬਾਹਰ ਜ਼ਰੂਰ ਕੁੱਝ ਯਾਤਰੀ ਨਜ਼ਰ ਆਏ। ਉਧਰ, ਯੂਨੀਅਨ ਆਗੂ ਸਮਸ਼ੇਰ ਸਿੰਘ ਨੇ ਦੱਸਿਆ ਕਿ 10 ਸਤੰਬਰ ਨੂੰ ਚੰਡੀਗੜ੍ਹ ’ਚ ਮੁੱਖ ਮੰਤਰੀ ਦੇ ਓਐੱਸਡੀ ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਹੁਣ ਮੁੱਖ ਮੰਤਰੀ ਵੱਲੋਂ 14 ਸਤੰਬਰ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਯੂਨੀਅਨ ਨੇ ਫ਼ੈਸਲਾ ਲਿਆ ਹੈ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਦਾ ਇੱਕ ਧੜਾ ਬੱਸ ਅੱਡੇ ’ਤੇ ਨਿਗਰਾਨੀ ਰੱਖ ਰਿਹਾ ਹੈ। ਜਦੋਂ ਤੱਕ ਸਰਕਾਰ ਨਾਲ ਗੱਲਬਾਤ ਦੌਰਾਨ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਤੇ ਬੱਸਾਂ ਨਹੀਂ ਚਲਾਈਆਂ ਜਾਣਗੀਆਂ।
ਬੱਸ ਅੱਡੇ ’ਤੇ ਯਾਤਰੀਆਂ ਦੀ ਆਮਦ ਘਟੀ
ਸ਼ਨਿੱਚਰਵਾਰ ਦੀ ਸਵੇਰੇ ਮੀਂਹ ਪੈਣ ਕਾਰਨ ਲੁਧਿਆਣਾ ਦੇ ਬੱਸ ਅੱਡੇ ’ਤੇ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਸੀ। ਯਾਤਰੀ ਦੀਪਕ ਨੇ ਦੱਸਿਆ ਕਿ ਉਨ੍ਹਾਂ ਦਿੱਲੀ ਕਿਸੇ ਜ਼ਰੂਰੀ ਕੰਮ ਲਈ ਜਾਣਾ ਸੀ ਪਰ ਬੱਸ ਅੱਡੇ ਆ ਕੇ ਪ੍ਰਬੰਧ ਨਾ ਹੋਣ ਕਾਰਨ ਉਹ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਬੱਸਾਂ ਤੇ ਰੇਲ ਗੱਡੀਆਂ ਨੂੰ ਰੋਕਣ ਨਾਲ ਆਮ ਲੋਕਾਂ ਨੂੰ ਬਹੁਤ ਖੱਜਲ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੱਚੇ ਕਰਮੀਆਂ ਦੀਆਂ ਮੰਗਾਂ ’ਤੇ ਵਿਚਾਰ ਕਰਕੇ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਬੱਸਾਂ ਚੱਲ ਸਕਣ ਤੇ ਯਾਤਰੀਆਂ ਨੂੰ ਸਹੂਲਤ ਮਿਲ ਸਕੇ।