ਸਤਵਿੰਦਰ ਬਸਰਾ
ਲੁਧਿਆਣਾ, 3 ਅਕਤੂਬਰ
ਸ਼ਹਿਰ ਵਿੱਚ ਟਰੈਫਿਕ ਜਾਮ ਤੋਂ ਛੁਟਕਾਰੇ ਲਈ ਚਾਰ-ਚੁਫੇਰੇ ਬਣਾਏ ਜਾ ਰਹੇ ਪੁਲਾਂ ਕਰਕੇ ਅੱਜ-ਕੱਲ੍ਹ ਥਾਂ-ਥਾਂ ਜਾਮ ਲੱਗੇ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਲੁਧਿਆਣਾ-ਜਲੰਧਰ ਅਤੇ ਲੁਧਿਆਣਾ-ਫਿਰੋਜ਼ਪੁਰ ਰੋਡ ਮੁੱਖ ਸੜਕਾਂ ਹਨ। ਪਿਛਲੇ ਕੁਝ ਸਾਲਾਂ ਵਿੱਚ ਸ਼ਹਿਰ ’ਚ ਜਿੱਥੇ ਵੱਡੀਆਂ ਗੱਡੀਆਂ ਦੀ ਗਿਣਤੀ ਕਈ ਗੁਣਾਂ ਵਧੀ ਹੈ, ਉੱਥੇ ਅਬਾਦੀ ਵਿੱਚ ਵੀ ਵਾਧਾ ਹੋਇਆ ਹੈ ਜਿਸ ਕਰਕੇ ਹਰ ਪਾਸੇ ਜਾਮ ਲੱਗਾ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਹੁਣ ਸ਼ਹਿਰ ਦੇ ਚਾਰ-ਚੁਫੇਰੇ ਰਿੰਗ ਰੋਡ ਬਣਾਉਣ ਲਈ ਪੁਲ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਪੁਲਾਂ ਦਾ ਕੰਮ ਚੱਲਦਾ ਹੋਣ ਕਰਕੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਬੱਸ ਸਟੈਂਡ ਤੋਂ ਭਾਰਤ ਨਗਰ ਚੌਕ ਅਤੇ ਉਸ ਤੋਂ ਬਾਅਦ ਭਾਈ ਬਾਲਾ ਚੌਕ ਅਤੇ ਪੱਖੋਵਾਲ ਰੋਡ ’ਤੇ ਸਵੇਰੇ-ਸ਼ਾਮ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਸਮਰਾਲਾ ਚੌਕ ’ਤੇ ਬਣੇ ਪੁਲ ਨੂੰ ਜੋਧੇਵਾਲ ਬਸਤੀ ਵਾਲੇ ਪੁਲ ਨਾਲ ਮਿਲਾਉਣ ਦੇ ਚੱਲ ਰਹੇ ਕੰਮਾਂ ਕਰਕੇ ਜਲੰਧਰ ਤੋਂ ਲੁਧਿਆਣਾ ਨੂੰ ਆਉਣ ਵਾਲੇ ਯਾਤਰੀਆਂ ਨੂੰ 15 ਮਿੰਟ ਦਾ ਸਫਰ ਕਈ ਵਾਰ ਘੰਟੇ ਤੋਂ ਵੀ ਵੱਧ ਸਮੇਂ ਵਿੱਚ ਪੂਰਾ ਕਰਨਾ ਪੈ ਜਾਂਦਾ ਹੈ। ਸਮਰਾਲਾ ਚੌਕ ਵਿੱਚ ਪੰਜ ਪਾਸਿਆਂ ਨੂੰ ਸੜ੍ਹਕਾਂ ਨਿਕਲਣ ਕਰਕੇ ਵਾਹਨ ਚਾਲਕ ਵੀ ਭੁਲੇਖੇ ਵਿੱਚ ਪੈ ਜਾਂਦੇ ਹਨ। ਇਸ ਚੌਕ ’ਤੇ ਭਾਵੇਂ ਪੁਲੀਸ ਮੁਲਾਜ਼ਮ ਹਰ ਸਮੇਂ ਮੌਜੂਦ ਹੁੰਦੇ ਹਨ ਪਰ ਟਰੈਫਿਕ ਜਿਆਦਾ ਅਤੇ ਸਾਰੇ ਪਾਸਿਆਂ ਤੋਂ ਆਉਣ ਕਰਕੇ ਉਨ੍ਹਾਂ ਲਈ ਵੀ ਬਹੁਤ ਵਾਰ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਵੀ ਇਹੋ ਹਾਲ ਹੈ।