ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 25 ਸਤੰਬਰ
ਰਾਏਕੋਟ ਦੇ ਸ਼ਹੀਦ ਵਿਜੈ ਕੁਮਾਰ ਗੁਰੀਲਾ ਨਗਰ ਵਿਚ ਭਾਰਤ ਨਿਰਮਾਣ ਮਿਸਤਰੀ-ਮਜ਼ਦੂਰ ਯੂਨੀਅਨ (ਸੀਟੂ) ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਰੇਤਾ-ਬਜਰੀ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਕਾਰਨ ਸ਼ਹਿਰਾਂ ਦੇ ਲੇਬਰ ਚੌਕ ਸੁੰਨੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਕੱਲੇ ਰਾਜ-ਮਿਸਤਰੀਆਂ ਅਤੇ ਮਜ਼ਦੂਰਾਂ ਦੇ ਹੀ ਚੁੱਲ੍ਹੇ ਠੰਢੇ ਨਹੀਂ ਹੋਏ ਸਗੋਂ ਉਸਾਰੀ ਦੇ ਕੰਮਾਂ ਨਾਲ ਜੁੜੇ ਭੱਠਾ ਮਜ਼ਦੂਰ, ਲੱਕੜ ਅਤੇ ਲੋਹੇ ਦਾ ਕੰਮ ਕਰਨ ਵਾਲੇ ਮਜ਼ਦੂਰ, ਰੰਗ-ਪੇਂਟ ਸਮੇਤ ਹੋਰ ਕੰਮ ਕਰਨ ਵਾਲੇ ਮਜ਼ਦੂਰ ਵੀ ਭੁੱਖਮਰੀ ਦਾ ਸ਼ਿਕਾਰ ਹੋ ਗਏ ਹਨ। ਮੀਟਿੰਗ ਦੀ ਪ੍ਰਧਾਨਗੀ ਮੁਹੰਮਦ ਅਸ਼ਰਫ਼ ਨੇ ਕੀਤੀ। ਸੀਟੂ ਆਗੂਆਂ ਨੇ ਦੋਸ਼ ਲਾਇਆ ਕਿ ਰੇਤਾ-ਬਜਰੀ ਦੀ ਲੁੱਟ ਖ਼ਤਮ ਕਰਨ ਦਾ ਨਾਅਰਾ ਦੇ ਕੇ ਸੱਤਾ ਹਾਸਲ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਰਾਜ ਵਿਚ ਤਾਂ ਰੇਤਾ-ਬਜਰੀ ਦੀ ਕਾਲਾ-ਬਜ਼ਾਰੀ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਗਈ ਹੈ ਅਤੇ ਮਹਿੰਗਾਈ ਹੱਦਾਂ-ਬੰਨੇ ਟੱਪ ਗਈ ਹੈ। ਪਰ ਸਰਕਾਰ ਇਸ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਦੇ ਸਿਰ ਭਾਂਡਾ-ਭੰਨ੍ਹਣ ਨਾਲ ਇਸ ਦਾ ਕੋਈ ਹੱਲ ਨਿਕਲਣ ਵਾਲਾ ਨਹੀਂ ਹੈ। ਮੀਟਿੰਗ ਨੂੰ ਲਾਲ ਝੰਡਾ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ, ਕਰਮਜੀਤ ਸਨੀ ਨੇ ਵੀ ਸੰਬੋਧਨ ਕੀਤਾ।