ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਸਤੰਬਰ
ਬੀਜ ਖਰਾਬ ਨਿਕਲਣ ਕਾਰਨ ਹਲਕਾ ਸਾਹਨੇਵਾਲ ਦੇ ਪਿੰਡ ਮਿਓਂਵਾਲ ਦੇ ਕਿਸਾਨ ਰਣਜੀਤ ਸਿੰਘ ਨੇ 6 ਏਕੜ ਝੋਨੇ ਦੀ ਫਸਲ ਵਾਹ ਦਿੱਤੀ ਹੈ। ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੰਜਾਬ ਯੂਨਵਰਸਿਟੀ ਲੁਧਿਆਣਾ ਤੋਂ ਝੋਨੇ ਦਾ ਬੀਜ ਪੀਆਰ-131 ਕਿਸਮ ਖਰੀਦਿਆ ਸੀ। ਫਸਲ ਦੀ ਬਿਜਾਈ ਤੋਂ ਬਾਅਦ ਇਸ ਦਾ ਪੌਦਾ ਬਿਲਕੁਲ ਛੋਟਾ ਰਹਿ ਗਿਆ। ਕਿਸਾਨ ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਬੀਜ ਦੀ ਇਹ ਕਿਸਮ ਖਰਾਬ ਸੀ ਜਿਸ ਸਬੰਧੀ ਉਸ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਵੀ ਆਪਣੇ ਖੇਤ ਦਾ ਦੌਰਾ ਕਰਵਾਇਆ। ਦੌਰਾ ਕਰਨ ਆਈ ਟੀਮ ਨੇ ਮੌਕੇ ’ਤੇ ਜਾ ਦੇਖਿਆ ਤਾਂ ਉਸ ਦੀ 6.5 ਏਕੜ ਵਿਚ ਬੀਜੀ ਫਸਲ ਖ਼ਰਾਬ ਹੋ ਚੁੱਕੀ ਸੀ, ਜਿਸ ਸਬੰਧੀ ਉਨ੍ਹਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਵੀ ਭੇਜੀ।
ਇਸ ਮਗਰੋਂ ਉਸ ਨੇ ਡਾਇਰੈਕਟਰ ਸੀਡਜ਼ ਨੂੰ ਫੋਨ ’ਤੇ ਬੀਜ ਦੇ ਖ਼ਰਾਬ ਹੋਣ ਸਬੰਧੀ ਸੂਚਿਤ ਕੀਤਾ ਪਰ ਉਸ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਬੀਜ ਬਿਲਕੁਲ ਠੀਕ ਹੈ। ਇਸ ਵਾਰ ਪੰਜਾਬ, ਹਰਿਆਣਾ ਤੇ ਹਿਮਾਚਲ ਵਿਚ ਬੀਮਾਰੀ ਫੈਲੀ ਹੈ, ਜਿਸ ਕਾਰਨ ਫਸਲ ਖਰਾਬ ਹੋਈ ਹੈ। ਕਿਸਾਨ ਰਣਜੀਤ ਸਿੰਘ ਨੇ ਕਿਹਾ ਕਿ ਉਸ ਦੇ ਪਿੰਡ ਦੇ ਕਿਸੇ ਵੀ ਖੇਤ ਵਿੱਚ ਝੋਨੇ ਦੀ ਫਸਲ ਨੂੰ ਕੋਈ ਬਿਮਾਰੀ ਨਹੀਂ ਬਲਕਿ ਉਸ ਦੀ 6.5 ਏਕੜ ਫਸਲ ਮਾੜੇ ਬੀਜ ਕਾਰਨ ਤਬਾਹ ਹੋ ਗਈ ਹੈ। ਅੱਜ ਉਸ ਨੇ 6.5 ਏਕੜ ਫਸਲ ਖੇਤਾਂ ਵਿਚ ਵਾਹ ਦਿੱਤੀ ਅਤੇ ਭਰੇ ਮਨ ਨਾਲ ਦੱਸਿਆ ਕਿ ਕਿਸਾਨੀ ਤਾਂ ਪਹਿਲਾਂ ਹੀ ਘਾਟੇ ਵਾਲਾ ਸੌਦਾ ਸਾਬਿਤ ਹੋ ਰਿਹਾ ਹੈ ਅਤੇ ਉਪਰੋਂ ਫਸਲ ਤਬਾਹ ਹੋਣ ਨਾਲ ਉਸ ਦਾ ਹੋਰ ਨੁਕਸਾਨ ਹੋਇਆ ਹੈ। ਉਸ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗਿਆਨ ਸਿੰਘ ਮੰਡ ਅਤੇ ਪਿੰਡ ਦੇ ਹੋਰਨਾਂ ਕਿਸਾਨਾਂ ਨੇ ਵੀ ਰਣਜੀਤ ਸਿੰਘ ਦੇ ਹੱਕ ’ਚ ਨਿੱਤਰਦਿਆਂ ਕਿਹਾ ਕਿ ਬੀਜ ਖਰਾਬ ਨਿਕਲਣ ਕਾਰਨ ਹੀ ਉਸ ਦੀ ਫਸਲ ਤਬਾਹ ਹੋਈ ਹੈ। ਇਸ ਲਈ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਬਿਮਾਰੀ ਕਾਰਨ ਖ਼ਰਾਬ ਹੋਈ ਫ਼ਸਲ: ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਫ਼ਸਰ ਅਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਕਿਸਾਨ ਰਣਜੀਤ ਸਿੰਘ ਦੇ ਖੇਤ ਦਾ ਦੌਰਾ ਕੀਤਾ ਹੈ। ਉਸ ਦੀ 80 ਫੀਸਦੀ ਫਸਲ ਤਬਾਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਬੀਜ ਖ਼ਰਾਬ ਦਾ ਮਾਮਲਾ ਨਹੀਂ ਬਲਕਿ ਇੱਕ ਭਿਆਨਕ ਬਿਮਾਰੀ ਹੈ, ਜਿਸ ਨੇ ਕਿਸਾਨ ਦੀ ਫਸਲ ਤਬਾਹ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਖ਼ਰਾਬ ਹੋਈ ਫਸਲ ਦੀ ਸਾਰੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ ਅਤੇ ਹੁਣ ਪ੍ਰਸ਼ਾਸਨ ’ਤੇ ਨਿਰਭਰ ਹੈ ਕਿ ਉਸ ਨੂੰ ਬਣਦਾ ਮੁਆਵਜ਼ਾ ਦੇਣਾ ਹੈ ਜਾਂ ਨਹੀਂ।