ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਮਈ
ਡੀਟੀਐੱਫ ਦੀ ਲੁਧਿਆਣਾ ਇਕਾਈ ਵੱਲੋਂ ਏ. ਡੀ. ਸੀ. ਲੁਧਿਆਣਾ ਰਾਹੁਲ ਚਾਬਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਪੱਤਰ ਰਾਹੀਂ ਅਧਿਆਪਕਾਂ ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ਤੇ ਨਵੀਆਂ ਦੇ ਇਸ਼ਤਿਹਾਰ ਜਾਰੀ ਕਰਨ, ਕੱਚੇ ਅਧਿਆਪਕਾਂ, ਨਾਨ ਟੀਚਿੰਗ ਤੇ ਕੰਪਿਊਟਰ ਫੈਕਲਟੀ ਨੂੰ ਪੂਰੇ ਤਨਖਾਹ ਸਕੇਲਾਂ ’ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡੀਟੀਐਫਦੇ ਮੀਤ ਪ੍ਰਧਾਨ ਰਮਨਜੀਤ ਸੰਧੂ ਨੇ ਕਿਹਾ ਕਿ ਯੂੁਨੀਅਨ ਵੱਲੋਂ ਇਨ੍ਹਾਂ ਵਰਗਾਂ ਦੇ ਸੰਘਰਸ਼ ਦੀ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।
ਭਾਰਤੀ ਕਲਾਕਾਰ ਸੰਘ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ
ਲੁਧਿਆਣਾ: ਪੰਜਾਬ ਦੇ ਸਮੂਹ ਪੇਂਟਰਾਂ, ਚਿੱਤਰਕਾਰਾਂ ਅਤੇ ਮੂਰਤੀਕਾਰਾਂ ਵੱਲੋਂ ਭਾਰਤੀ ਕਲਾਕਾਰ ਸੰਘ ਨੇ ਅੱਜ ਡੀਸੀ ਲੁਧਿਆਣਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪ ਕੇ ਕਲਾਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਮੰਗਿਆ ਹੈ। ਸੰਘ ਦੇ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸ਼ਕਤੀ ਨੇ ਮੰਗ ਕੀਤੀ ਕਿ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਇਨ੍ਹਾਂ ਕਲਕਾਰਾਂ ਨੂੰ 8,000 ਰੁਪਏ ਮਾਸਿਕ ਕਲਾ ਭੱਤਾ ਦਿੱਤਾ ਜਾਵੇ।