ਗਗਨਦੀਪ ਅਰੋੜਾ
ਲੁਧਿਆਣਾ, 24 ਅਪਰੈਲ
ਪਿਛਲੇ ਲੰਮੇ ਸਮੇਂ ਤੋਂ ਨਸ਼ਾ ਸਿਆਸਤ ਦਾ ਅਹਿਮ ਮੁੱਦਾ ਰਿਹਾ ਹੈ। ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਸੱਤਾਧਾਰੀਆਂ ਨੂੰ ਨਸ਼ੇ ਲਈ ਘੇਰਦੇ ਸਨ ਤੇ ਹੁਣ ਵਿਰੋਧੀ ਪਾਰਟੀਆਂ ਦੇ ਆਗੂ ਇਸ ਮੁੱਦੇ ’ਤੇ ਆਮ ਆਦਮੀ ਪਾਰਟੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ।
ਕਾਂਗਰਸੀ ਆਗੂ ਪਰਮਿੰਦਰ ਮਹਿਤਾ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ‘ਆਪ’ ਨੇ ਵੱਡੇ-ਵੱਡੇ ਦਾਅਵੇ ਕੀਤੇ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਸਰਕਾਰ ਬਣੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਹਾਲੇ ਤੱਕ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਮਹਾਂਨਗਰ ਦੀ ਕਮਿਸ਼ਨਰੇਟ ਪੁਲੀਸ ਛੋਟੇ ਛੋਟੇ ਨਸ਼ਾ ਕਰਨ ਵਾਲਿਆਂ ਅਤੇ ਨਸ਼ਾ ਪੂਰਤੀ ਲਈ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕਰ ਆਪਣੀ ਪਿੱਠ ਥਾਪੜ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦੇ ਕਾਰੋਬਾਰੀ ਹਾਲੇ ਵੀ ਧੜੱਲੇ ਦੇ ਨਾਲ ਗੱਲੀ ਮੁਹੱਲਿਆਂ ਵਿੱਚ ਨਸ਼ਾ ਵੇਚ ਰਹੇ ਹਨ। ਪਰ ਪੁਲੀਸ ਆਪਣਾ ਕੰਮ ਕਾਗਜ਼ਾਂ ਵਿੱਚ ਵਿਖਾਉਣ ਲਈ ਨਸ਼ੇ ਕਰਨ ਵਾਲਿਆਂ ਨੂੰ ਕਾਬੂ ਕਰ ਆਪਣੇ ਮੁਲਾਜ਼ਮਾਂ ਨੂੰ ਸ਼ਾਬਾਸ਼ੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲੀਸ ਨੇ ਕਈ ਇਲਾਕਿਆਂ ’ਚ ਅਚਨਚੇਤ ਚੈਕਿੰਗ ਵੀ ਕੀਤੀ। ਪਰ ਉਸ ਤੋਂ ਬਾਅਦ ਪੁਲੀਸ ਫਿਰ ਸ਼ਾਂਤ ਹੋ ਕੇ ਬੈਠ ਗਈ। 2 ਦਿਨ ਪਹਿਲਾਂ ਸੈਂਹਸੀ ਮੁਹੱਲਾ ਇਲਾਕੇ ’ਚ ਵੀ ਪੁਲੀਸ ਨੇ ਅਚਨਚੇਤ ਚੈਕਿੰਗ ਕੀਤੀ ਤਾਂ ਇੱਕ ਤਸਕਰ ਨੂੰ ਕਾਬੂ ਕਰ 60 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਇਸਦਾ ਵਿਰੋਧ ਕੀਤਾ ਤੇ ਕਿਹਾ ਕਿ ਪੁਲੀਸ ਨੇ ਨਸ਼ਾ ਜ਼ਿਆਦਾ ਫੜ੍ਹਿਆ ਤੇ ਘੱਟ ਦਿਖਾਇਆ ਹੈ। ਐਂਟੀ ਡੱਰਗ ਤੇ ਕਪਰਪੱਸ਼ਨ ਸੁਸਾਇਟੀ ਦੇ ਪ੍ਰਧਾਨ ਸੰਜੀਵ ਚੌਧਰੀ ਨੇ ਕਿਹਾ ਕਿ ਨਸ਼ੇ ਦੇ ਖਤਮ ਕਰਨ ਲਈ ਪੁਲੀਸ ਨੂੰ ਪਹਿਲਾਂ ਨਸ਼ੇ ਦਾ ਨੈਟਵਰਕ ਤੋੜਣਾ ਪਵੇਗਾ। ਸਾਬਕਾ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਨਸ਼ੇ ਸਬੰਧੀ ਪੁਲੀਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ।
ਇਨ੍ਹਾਂ ਇਲਾਕਿਆਂ ’ਚ ਜ਼ਿਆਦਾ ਨਸ਼ਾ ਵਿਕਣ ਦੀ ਚਰਚਾ
ਸ਼ਹਿਰ ’ਚ ਨਸ਼ਾ ਕਿੱਥੇ ਕਿੱਥੇ ਮਿਲਦਾ, ਇਸਦੀ ਪੁਲੀਸ ਨੂੰ ਪੂਰੀ ਜਾਣਕਾਰੀ ਹੈ। ਸ਼ਹਿਰ ’ਚ ਘੌੜਾ ਕਲੋਨੀ, ਸੈਂਹਸੀ ਮੁਹੱਲਾ, ਧੱਕਾ ਕਲੋਨੀ, ਮਨਜੀਤ ਨਗਰ, ਬਹਾਦੁਰਕੇ ਰੋਡ, ਜਵਾਹਰ ਨਗਰ ਕੈਂਪ, ਛਾਉਣੀ ਮੁਹੱਲਾ ਸਮੇਤ ਹੋਰ ਕਈ ਇਲਾਕਿਆਂ ’ਚ ਨਸ਼ਾ ਵਿਕਦਾ ਹੈ। ਇਸ ਮਾਮਲੇ ’ਤੇ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਦਾ ਕਹਿਣਾ ਹੈ ਕਿ ਲੁਧਿਆਣਾ ਪੁਲੀਸ ਨਸ਼ੇ ਦੇ ਮੁੱਦ ’ਤੇ ਅੱਗੇ ਨਾਲੋਂ ਚੰਗਾ ਕੰਮ ਕਰ ਰਹੀ ਹੈ। ਜਿੱਥੇ ਜਿੱਥੇ ਸੂਚਨਾ ਮਿਲ ਰਹੀ ਹੈ, ਛਾਪੇਮਾਰੀ ਕੀਤੀ ਜਾ ਰਹੀ ਹੈ। ਲੋਕਾਂ ਦਾ ਸਹਿਯੋਗ ਵੀ ਲਗਾਤਾਰ ਮਿਲ ਰਿਹਾ ਹੈ। ਐੱਸਟੀਐੱਫ਼ ਦੇ ਨਾਲ ਵੀ ਮਿਲ ਕੇ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਹਨ। ਜਿਵੇਂ ਹਾਲੇ ਛੋਟੇ ਛੋਟੇ ਨਸ਼ਾ ਤਸਕਰ ਕਾਬੂ ਕੀਤੇ ਜਾ ਰਹੇ ਹਨ, ਆਉਣ ਵਾਲੇ ਦਿਨਾਂ ’ਚ ਵੱਡੇ ਨਸ਼ਾ ਤਸਕਰ ਵੀ ਪੁਲੀਸ ਵੱਲੋਂ ਕਾਬੂ ਕੀਤੇ ਜਾਣਗੇ।