ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 22 ਜੁਲਾਈ
ਥਾਣਾ ਅਹਿਮਦਗੜ੍ਹ ਸਦਰ ਦੀ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਕੁੱਪ ਖੁਰਦ ਦੇ ਦੋ ਨੌਜਵਾਨਾਂ ਜਗਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪੁਲੀਸ ਦੀ ਇਸ ਕਾਰਵਾਈ ’ਤੇ ਪਿੰਡ ਵਾਸੀਆਂ ਸਵਾਲ ਖੜ੍ਹੇ ਕਰ ਦਿੱਤੇ। ਪੁਲੀਸ ਨੂੰ ਹੀ ਗੋਲੀਆਂ ਵੇਚਣ, ਚਿੱਟੇ ਵਾਲੇ ਨਸ਼ਾ ਤਸਕਰਾਂ ਦੇ ਰਖਵਾਲੇ ਆਖ ਕੇ ਲੁਧਿਆਣਾ-ਮਾਲੇਰਕੋਟਲਾ ਮਾਰਗ ’ਤੇ ਧਰਨਾ ਲਗਾ ਕੇ ਸਰਕਾਰ ਅਤੇ ਥਾਣਾ ਅਹਿਮਦਗੜ੍ਹ ਦੀ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਜਗਜੀਤ ਸਿੰਘ ਦੇ ਪਿਤਾ ਕ੍ਰਿਸ਼ਨ ਸਿੰਘ ਅਤੇ ਮਾਤਾ ਸਵਰਨਜੀਤ ਕੌਰ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ। ਪੁਲੀਸ ਵੱਲੋਂ ਤਿੰਨ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਣੇ ਫੜਨ ਦਾ ਦਾਅਵਾ ਕੀਤਾ ਗਿਆ ਸੀ ਪਰ ਪੁਲੀਸ ਵੱਲੋਂ ਸਿਰਫ਼ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਹੀ ਕੇਸ ਦਰਜ ਕੀਤਾ ਗਿਆ ਜਦੋਂਕਿ ਮੁੱਖ ਮੁਲਜ਼ਮ ਨੂੰ ਮੋਟਰਸਾਈਕਲ ਸਣੇ ਥਾਣੇ ਤੋਂ ਭਜਾ ਦਿੱਤਾ ਗਿਆ ਹੈ।
ਪਿੰਡ ਵਾਸੀਆਂ ਨੇ ਆਖਿਆ ਕਿ ਉਨ੍ਹਾਂ ਦੇ ਹੀ ਪਿੰਡ ਦਾ ਡੀਜੇ ਦਾ ਕੰਮ ਕਰਦਾ ਨੌਜਵਾਨ ਕਈ ਸਾਲਾਂ ਤੋਂ ਪਿੰਡ ਵਿੱਚ ਨੌਜਵਾਨਾਂ ਨੂੰ ਨਸ਼ੇ ’ਤੇ ਲਗਾ ਰਿਹਾ ਹੈ ਪਰ ਪੁਲੀਸ ਉਸ ਨੂੰ ਸ਼ਰ੍ਹੇਆਮ ਬਚਾਅ ਰਹੀ ਹੈ।
ਧਰਨੇ ਦੌਰਾਨ ਪਹੁੰਚੇ ਸਦਰ ਥਾਣਾ ਅਹਿਮਦਗੜ੍ਹ ਦੇ ਐੱਸਐੱਚਓ ਸਿਕੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਤੀਜੇ ਮੁਲਜ਼ਮ ਨੂੰ ਜਲਦ ਫੜ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਨੌਜਵਾਨ ਦੀ ਭਾਬੀ ਅਤੇ ਪਤਨੀ ਦੇ ਨੇ ਕਿਹਾ ਕਿ ਜੇ ਉਨ੍ਹਾਂ ਦਾ ਪਰਿਵਾਰਕ ਮੈਂਬਰ ਨਸ਼ਾ ਤਸਕਰੀ ਕਰਦਾ ਸੀ ਤਾਂ ਪਿੰਡ ਵਾਸੀਆਂ ਨੇ ਪਹਿਲਾਂ ਕਦੇ ਉਲਾਂਭਾ ਕਿਉਂ ਨਹੀਂ ਦਿੱਤਾ।