ਪੱਤਰ ਪ੍ਰੇਰਕ
ਮਾਛੀਵਾੜਾ, 5 ਮਾਰਚ
ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ 5 ਸਾਲਾਂ ਵਿਚ ਨਸ਼ੀਲੇ ਪਦਾਰਥਾਂ ਨੂੰ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਅੱਜ ਵੀ ਮਾਛੀਵਾੜਾ ਇਲਾਕੇ ਵਿਚ ਵਿਕਦਾ ਮੈਡੀਕਲ ਨਸ਼ਾ ਜਵਾਨੀ ਨੂੰ ਤਬਾਹ ਕਰ ਰਿਹਾ ਹੈ ਜਦਕਿ ਸਿਹਤ ਵਿਭਾਗ ਕੇਵਲ ਮੈਡੀਕਲ ਸਟੋਰਾਂ ’ਤੇ ਜਾਂਚ ਦੇ ਨਾਮ ’ਤੇ ਖਾਨਾਪੂਰਤੀ ਤੱਕ ਹੀ ਸੀਮਤ ਹੈ। ਪੱਤਰਕਾਰਾਂ ਵਲੋਂ ਜਦੋਂ ਅੱਜ ਅਚਨਚੇਤ ਦੁਸਹਿਰਾ ਮੈਦਾਨ ਵਿਚ ਜਾ ਕੇ ਦੇਖਿਆ ਤਾਂ ਉੱਥੇ ਇੱਕ ਵਿਅਕਤੀ ਨਸ਼ੇ ਦਾ ਟੀਕਾ ਲਗਾ ਰਿਹਾ ਸੀ ਜਦਕਿ ਦੂਜਾ ਬੇਸੁਰਤ ਹੋਇਆ ਪਿਆ ਸੀ। ਉਨ੍ਹਾਂ ਦੱਸਿਆ ਕਿ ਉਹ ਇਹ ਟੀਕੇ ਵਾਲਾ ਨਸ਼ਾ ਮੈਡੀਕਲ ਸਟੋਰ ਤੋਂ 50 ਰੁਪਏ ਦਾ ਤਾਕਤ ਵਾਲਾ ਟੀਕਾ ਕਹਿ ਕੇ ਲੈਂਦੇ ਹਨ ਜਦਕਿ ਨਸ਼ੇ ਵਾਲੀਆਂ ਗੋਲੀਆਂ ਤਾਂ ਸ਼ਰ੍ਹੇਆਮ ਵਿਕਦੀਆਂ ਹਨ। ਸਥਾਨਕ ਦੁਸਹਿਰਾ ਮੈਦਾਨ ’ਚ ਕਈ ਥਾਵਾਂ ’ਤੇ ਗੋਲੀਆਂ ਦੇ ਖਾਲੀ ਪੱਤੇ ਤੇ ਟੀਕੇ ਵਾਲੀਆਂ ਖਾਲੀ ਸ਼ੀਸ਼ੀਆਂ ਵੀ ਦਿਖਾਈ ਦਿੱਤੀਆਂ। ਡਰੱਗ ਇੰਸਪੈਕਟਰ ਸੰਦੀਪ ਕੌਸ਼ਿਕ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਵੀ ਮਾਛੀਵਾੜਾ ਇਲਾਕੇ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਸੀ ਪਰ ਹੁਣ ਫਿਰ ਇਨ੍ਹਾਂ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਲਦ ਹੀ ਮੈਡੀਕਲ ਸਟੋਰਾਂ ਦੀ ਜਾਂਚ ਕਰਨਗੇ ਅਤੇ ਜੇ ਕਿਤੋਂ ਇਤਰਾਜ਼ਯੋਗ ਜਾਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।