ਜਸਬੀਰ ਸ਼ੇਤਰਾ
ਜਗਰਾਉਂ, 13 ਨਵੰਬਰ
ਗੁਆਂਢੀ ਸੂਬਿਆਂ ਵਾਂਗ ਪੰਜਾਬ ’ਚ ਵੀ ਨਿੱਜੀ ਵਿਦਿਅਕ ਸੰਸਥਾਵਾਂ ਦੀਆਂ ਸਕੂਲੀ ਬੱਸਾਂ ਦਾ ਟੈਕਸ ਪੂਰੀ ਤਰ੍ਹਾਂ ਮੁਆਫ਼ ਕਰਨ ਸਬੰਧੀ ਇਲਾਕੇ ਦੇ ਸਕੂਲਾਂ ਵੱਲੋਂ ਆਪਣੀਆਂ ਨਿੱਜੀ ਬੱਸਾਂ ਅੱਜ ਮੁੱਖ ਮਾਰਗਾਂ ’ਤੇ ਖੜ੍ਹੀਆਂ ਕਰ ਕੇ ਰੋਸ ਪ੍ਰਗਟਾਇਆ ਗਿਆ। ਇਥੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਦੇ ਇਕ ਪਾਸੇ ਕਤਾਰ ’ਚ ਇਹ ਬੱਸਾਂ ਖੜ੍ਹੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ’ਤੇ ਮੰਗਾਂ ਸਬੰਧੀ ਬੈਨਰ ਟੰਗੇ ਹੋਏ ਸਨ। ਸੈਕਰਡ ਹਾਰਟ ਕਾਨਵੈਂਟ ਸਕੂਲ ਨੇ ਆਪਣੀਆਂ ਬੱਸਾਂ ਸਕੂਲ ਸਾਹਮਣੇ, ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਨੇ ਚੌਕੀਮਾਨ ਜੀਟੀ ਰੋਡ ’ਤੇ ਬੱਸਾਂ ਖੜ੍ਹਾਉਣ ਸਮੇਤ ਹੋਰਨਾਂ ਸਕੂਲਾਂ ਨੇ ਵੀ ਵੱਖ-ਵੱਖ ਥਾਵਾਂ ’ਤੇ ਅੱਧੇ ਦਿਨ ਲਈ ਬੱਸਾਂ ਖੜ੍ਹੀਆਂ ਕਰਕੇ ਰੋਸ ਪ੍ਰਗਟਾਇਆ। ਇਸ ਦੌਰਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਪੰਜਾਬ ਦਾ ਦੌਰਾ ਕਰਦੇ ਹੋਏ ਸਾਥੀਆਂ ਸਮੇਤ ਜਗਰਾਉਂ ਪਹੁੰਚੇ। ਇਥੇ ਉਨ੍ਹਾਂ ਸੂਬਾ ਕਮੇਟੀ ਮੈਂਬਰ ਪ੍ਰਿੰ. ਬਲਦੇਵ ਬਾਵਾ, ਪ੍ਰਿੰ. ਨਵਨੀਤ ਚੌਹਾਨ, ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਤੇ ਹੋਰਨਾਂ ਨਾਲ ਮਿਲ ਕੇ ‘ਸਿੱਖਿਆ ਬਚਾਓ, ਪੰਜਾਬ ਬਚਾਓ’ ਤਹਿਤ ਰੋਸ ਰੈਲੀ ਕੀਤੀ। ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਗੁਆਂਢੀ ਰਾਜਾਂ ’ਚ ਵਿੱਦਿਅਕ ਸੰਸਥਾਵਾਂ ਦੀਆਂ ਬੱਸਾਂ ’ਤੇ ਟੈਕਸ ਬਿਲਕੁਲ ਮੁਆਫ਼ ਹੈ। ਉਸੇ ਤਰ੍ਹਾਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਦੇ ਟੈਕਸ ਵੀ ਮੁਆਫ਼ ਹੋਣੇ ਚਾਹੀਦੇ ਹਨ ਅਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ’ਚ ਕੰਮ ਕਰ ਰਹੇ ਕਰਮਚਾਰੀਆਂ ਦਾ 5 ਲੱਖ ਦਾ ਮੁਫ਼ਤ ਬੀਮਾ ਵੀ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ’ਚ ਪੰਜਾਬ ਦੇ ਲਗਭਗ 55 ਫੀਸਦੀ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ ਅਤੇ ਤਕਰੀਬਨ ਸੱਤ ਲੱਖ ਕਰਮਚਾਰੀ ਕੰਮ ਕਰ ਰਹੇ ਹਨ। ਇਹ ਸੰਸਥਾਵਾਂ ਬਗੈਰ ਕਿਸੇ ਸਰਕਾਰੀ ਸਹਾਇਤਾ ਦੇ ਕੁਆਲਟੀ ਐਜੁਕੇਸ਼ਨ ਪ੍ਰਦਾਨ ਕਰ ਰਹੀਆਂ ਹਨ। ਪ੍ਰਿੰ. ਬਲਦੇਵ ਬਾਵਾ ਨੇ ਕਿਹਾ ਕਿ ਤਕਰੀਬਨ ਇਕ ਲੱਖ ਬੱਸਾਂ ਅੱਜ ਰੋਸ ਵਜੋਂ ਸੜਕ ’ਤੇ ਹਨ ਅਤੇ ਲੱਖਾਂ ਕਰਮਚਾਰੀ ਪ੍ਰਾਈਵੇਟ ਸੰਸਥਾਵਾਂ ਨਾਲ ਜੁੜੇ ਹੋਏ ਹਨ। ਸਰਕਾਰ ਨੂੰ ਪ੍ਰਾਈਵੇਟ ਸਕੂਲਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਰਾਹਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕਣਗੇ।
ਨਿੱਜੀ ਸਕੂਲਾਂ ਵਲੋਂ ‘ਸਿੱਖਿਆ ਬਚਾਓ, ਪੰਜਾਬ ਬਚਾਓ’ ਰੈਲੀ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਮਾਛੀਵਾੜਾ ਇਲਾਕੇ ਦੇ ਕਰੀਬ 15 ਤੋਂ ਵੱਧ ਸਕੂਲਾਂ ਵੱਲੋਂ ‘ਸਿੱਖਿਆ ਬਚਾਓ, ਪੰਜਾਬ ਬਚਾਓ’ ਰੈਲੀ ਕੱਢੀ ਗਈ। ਇਸ ਤਹਿਤ ਉਨ੍ਹਾਂ ਸਮਰਾਲਾ ਰੋਡ ’ਤੇ ਸੜਕ ਕਿਨਾਰੇ ਸਕੂਲੀ ਬੱਸਾਂ ਖੜ੍ਹੀਆਂ ਕਰ ਕੇ ਸਰਕਾਰ ਤੋਂ ਟੈਕਸਾਂ ’ਚ ਛੋਟ ਦੇਣ ਦੀ ਮੰਗ ਕੀਤੀ। ਪ੍ਰਿੰਸੀਪਲ ਬਲਜਿੰਦਰ ਸਿੰਘ ਤੂਰ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਜਿੱਥੇ ਸਕੂਲੀ ਬੱਚਿਆਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਦਾ ਟੈਕਸ ਮੁਆਫ਼ ਕੀਤਾ ਜਾਵੇ ਉੱਥੇ ਅਧਿਆਪਕਾਂ ਦਾ 5-5 ਲੱਖ ਰੁਪਏ ਤੱਕ ਦਾ ਬੀਮਾ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਜੋ ਵੀ ਪ੍ਰਾਈਵੇਟ ਸਕੂਲਾਂ ’ਤੇ ਟੈਕਸਾਂ ਦਾ ਬੋਝ ਪਾਉਂਦੀ ਹੈ ਉਹ ਸਾਰਾ ਬੱਚਿਆਂ ਦੇ ਮਾਪਿਆਂ ’ਤੇ ਪੈਂਦਾ ਹੈ ਇਸ ਲਈ ਜੇਕਰ ਸਿੱਖਿਆ ਨੂੰ ਬਚਾਉਣਾ ਹੈ ਤਾਂ ਟੈਕਸ ਹਟਾਉਣੇ ਪੈਣਗੇ। ਇਸ ਮੌਕੇ ਪਰਮਿੰਦਰ ਤਿਵਾੜੀ, ਗੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਹੇਡੋਂ ਬੇਟ, ਇੰਦਰਜੀਤ ਸਿੰਘ ਮੱਲ੍ਹੀ, ਰਜਿਤ ਸ਼ਰਮਾ, ਵਿਰਕਮਜੀਤ ਸਿੰਘ, ਜਸਦੇਵ ਸਿੰਘ, ਪਰਮਜੀਤ ਸਿੰਘ ਤੇ ਹੋਰ ਮੌਜੂਦ ਸਨ।