ਦੇਵਿੰਦਰ ਸਿੰਘ ਜੱਗੀ
ਪਾਇਲ, 1 ਅਗਸਤ
ਵਾਟਰ ਸਪਲਾਈ ਮਹਿਕਮੇ ਵੱਲੋਂ ਵਿਛਾਈਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਥਾਂ-ਥਾਂ ਤੋਂ ਲੀਕ ਕਰ ਰਹੀਆਂ ਹਨ, ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਸਰਕਾਰੀ ਸਕੂਲ ਅੱਗੋਂ ਦੀ ਲੰਘਦੀ ਸੜਕ ਦੇ ਨਾਲ-ਨਾਲ ਜਾ ਰਹੀ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀ ਪਾਈਪ ਲਾਈਨ ਕਈ ਜਗ੍ਹਾਂ ਤੋਂ ਲੀਕੇਜ ਹੋ ਕੇ ਫੁਆਰੇ ਚਲਾ ਰਹੀਆਂ ਹਨ, ਜਿਸ ਵਿੱਚ ਪਾਣੀ ਦੀ ਸਪਲਾਈ ਬੰਦ ਕਰਨ ਤੋਂ ਬਾਅਦ ਟੋਏ ਵਿੱਚ ਖੜਾ ਗੰਦਾ ਪਾਣੀ ਮੁੜ ਪਾਈਪਾਂ ਵਿੱਚ ਚਲਾ ਜਾਂਦਾ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਅੱਖਾਂ ’ਤੇ ਪੱਟੀ ਬੰਨ੍ਹੀ ਬੈਠੇ ਹਨ, ਜਿਨ੍ਹਾਂ ਦਾ ਇਧਰ ਕੋਈ ਧਿਆਨ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਦੇ ਚਾਰ ਚੁਫੇਰੇ ਗੰਦਗੀ ਦੇ ਢੇਰ, ਪਾਣੀ ਲੀਕੇਜ ਹੋਣ ਕਾਰਨ ਸੜਕਾਂ ਦਾ ਬੁਰਾ ਹਾਲ ਹੈ, ਸ਼ਹਿਰ ਅੰਦਰ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦਾ ਸ਼ਹਿਰ ਹੋਵੇ ਤੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਣ ਬੜੇ ਅਫਸੋਸ ਦੀ ਗੱਲ ਹੈ ਪਰ ਇਹ ਰਾਜਨੀਤਕ ਲੋਕ ਵਿਕਾਸ ਦੇ ਨਾਂ ’ਤੇ ਸਿਰਫ ਸਿਆਸੀ ਰੋਟੀਆਂ ਹੀ ਸੇਕਦੇ ਹਨ। ਸ੍ਰੀ ਕਾਲੀ ਨੇ ਅੱਗੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਸ਼ਹਿਰ ਵਾਸੀ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਨਾਲ ਜੂਝਦੇ ਰਹੇ ਹੁਣ ਜਦੋਂ ਪਾਣੀ ਦੀ ਸਪਲਾਈ ਚੱਲੀ ਤਾਂ ਘਟੀਆ ਮਟੀਰੀਅਲ ਵਾਲੀਆਂ ਪਾਈਪਾਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ।
ਜਦੋਂ ਇਸ ਸਬੰਧੀ ਵਾਟਰ ਸਪਲਾਈ ਦੇ ਜੇਈ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਾਈਪ ਲਾਈਨ ਗਲਾਡਾ ਵੱਲੋਂ ਪਾਈ ਗਈ ਹੈ, ਪਾਈਪ ਲੀਕੇਜ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ, ਜਿਸ ਬਾਰੇ ਕਈ ਵਾਰ ਗਲਾਡਾ ਨੂੰ ਕਹਿ ਚੁੱਕੇ ਹਾਂ।