ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਕਤੂਬਰ
ਦੀਵਾਲੀ ਦੇ ਤਿਉਹਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕਾ ਮਾਰਕੀਟ ਦੀਆਂ ਦੁਕਾਨਾਂ ਦੇ ਡਰਾਅ ਕੱਢੇ। ਪ੍ਰਸ਼ਾਸਨ ਨੇ 9 ਸਾਈਟਾਂ ਲਈ 37 ਲਾਇਸੈਂਸ ਜਾਰੀ ਕਰਨੇ ਸਨ, ਜਿਨ੍ਹਾਂ ਦੀਆਂ ਆਰਜ਼ੀ ਤੌਰ ’ਤੇ ਪਟਾਕੇ ਵੇਚਣ ਲਈ ਦੁਕਾਨਾਂ ਲਗਣੀਆਂ ਹਨ।
ਲੁਧਿਆਣਾ ਦੇ ਸਭ ਤੋਂ ਵੱਡੀ ਹੋਲਸੇਲ ਪਟਾਕਾ ਮਾਰਕੀਟ ਦਾਣਾ ਮੰਡੀ ਵਿੱਚ ਹੈ। ਦਾਣਾ ਮੰਡੀ ’ਚ 13 ਦੁਕਾਨਾਂ ਅਲਾਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸਿਰਫ਼ 3 ਦੁਕਾਨਾਂ ਪੁਰਾਣੇ ਪਟਾਕਾ ਕਾਰੋਬਾਰੀਆਂ ਨੂੰ ਮਿਲੀਆਂ ਹਨ, ਜਦੋਂ ਕਿ 10 ਦੁਕਾਨਾਂ ਨਵੇਂ ਲੋਕਾਂ ਨੂੰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਪੁਰਾਣੇ ਪਟਾਕਾ ਵਪਾਰੀਆਂ ’ਚ ਰੋਸ ਹੈ। ਦੱਸ ਦੇਈਏ ਕਿ ਪੁਰਾਣੇ ਪਟਾਕਾ ਵਪਾਰੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪਟਾਕਾ ਵਪਾਰੀਆਂ ਨੇ ਅਪਰੈਲ ਮਹੀਨੇ ਤੋਂ ਹੀ ਗੁਦਾਮਾਂ ਵਿੱਚ ਸਟਾਕ ਰੱਖ ਲਿਆ ਸੀ ਪਰ ਹੁਣ ਦੁਕਾਨ ਨਾ ਮਿਲਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਨ ਹੋ ਗਿਆ। ਇਸੇ ਤਰ੍ਹਾਂ ਜਿਹੜੇ ਨਵੇਂ ਲੋਕਾਂ ਨੂੰ ਦੁਕਾਨਾਂ ਅਲਾਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਹਾਲੇ ਪਟਾਕੇ ਖਰੀਦੇ ਹੀ ਨਹੀਂ ਹਨ।
ਪਟਾਕਾ ਵਪਾਰੀਆਂ ਨੇ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕਤਿਾ ਸੀ। ਪਟਾਕਾ ਵਪਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਡਰਾਅ ਦਾ ਬਾਈਕਾਟ ਹੀ ਕਰ ਦਿੱਤਾ ਸੀ। ਉਨ੍ਹਾਂ ਨੂੰ ਸ਼ੱਕ ਪਹਿਲਾਂ ਹੀ ਹੋ ਗਿਆ ਸੀ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਕਰਕੇ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ। ਪਟਾਕਾ ਵਪਾਰੀਆਂ ਨੇ ਕਿਹਾ ਕਿ ਉਨ੍ਹਾਂ ਨਾਲ ਧੱਕਾ ਹੋਇਆ ਹੈ। ਪਟਾਕਾ ਵਪਾਰੀ ਤ੍ਰਿਭੁਵਨ ਥਾਪਰ ਤੇ ਅਸ਼ੋਕ ਥਾਪਰ ਨੇ ਕਿਹਾ ਕਿ ਇਸ ਵਾਰ ਜਾਅਲੀ ਫਾਈਲਾਂ ਜ਼ਿਆਦਾ ਲਾਈਆਂ ਗਈਆਂ ਹਨ, ਇਸ ਕਾਰਨ ਜੋ ਅਸਲ ਪਟਾਕਾ ਵਪਾਰੀ ਹਨ, ਉਨ੍ਹਾਂ ਦੇ ਡਰਾਅ ਨਹੀਂ ਨਿਕਲੇ। ਕਾਰੋਬਾਰੀਆਂ ਨੇ ਕਰਜ਼ਾ ਲੈ ਕੇ ਪਟਾਕੇ ਖਰੀਦ ਰੱਖੇ ਹਨ, ਜੋ ਹੁਣ ਬਰਬਾਦ ਹੋਣ ਦੀ ਕਾਗਾਰ ’ਤੇ ਹਨ। ਅੱਜ ਡਰਾਅ ਨਾ ਨਿਕਲਣ ਕਾਰਨ ਕਈ ਪਟਾਕਾ ਵਪਾਰੀ ਰੋਣ ਤੱਕ ਲੱਗੇ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦਾ ਮਾਲ ਲੈ ਲਿਆ ਹੈ ਪਰ ਦੁਕਾਨ ਨਹੀਂ ਮਿਲੀ। ਇਸ ਕਾਰਨ ਉਨ੍ਹਾਂ ਦਾ ਮਾਲ ਹੁਣ ਮਿੱਟੀ ਹੋ ਗਿਆ ਹੈ।
ਏਡੀਸੀਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਪਟਾਕਿਆਂ ਦੀ ਦੁਕਾਨ ਦੀ ਅਲਾਟਮੈਂਟ ਦੇ ਅੱਜ ਡਰਾਅ ਕੱਢੇ ਗਏ ਹਨ। ਇਸ ਕਾਰਨ ਸੁਰੱਖਿਆ ਪ੍ਰਬੰਧ ਪੂਰੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ’ਚ ਇਹ ਡਰਾਅ ਕੱਢੇ ਗਏ ਹਨ। ਏਡੀਸੀਪੀ ਗੁਪਤਾ ਨੂੰ ਜਦੋਂ ਪਟਾਕਾ ਵਪਾਰੀਆਂ ਦੇ ਵਿਰੋਧ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਫਾਈਲਾਂ ’ਚ ਕਮੀਆਂ ਸਨ, ਉਹ ਰੱਦ ਕੀਤੀਆਂ ਗਈਆਂ ਹਨ ਤੇ ਕਮਿਸ਼ਨਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀਆਂ ਫਾਈਲਾਂ ਦੇਖ ਸਕਦੇ ਹਨ। ਉਨ੍ਹਾਂ ਨੂੰ ਕਮੀਆਂ ਦੱਸੀਆਂ ਜਾ ਰਹੀਆਂ ਹਨ।