ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਦਸੰਬਰ
ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨ ਦੀ ਡਰਾਮਾ ਟੀਮ ਨੇ ਏਐੱਸ ਕਾਲਜ ਖੰਨਾ ਵਿੱਚ ਚੱਲ ਰਹੇ ਅੰਤਰ ਜ਼ੋਨਲ ਯੂਥ ਫੈਸਟੀਵਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਉੱਚਾ ਕੀਤਾ ਹੈ। ਕਾਲਜ ਦੀ ਡਰਾਮਾ ਟੀਮ ਨੇ ‘ਚੈੱਕ ਆਊਟ’ ਨਾਟਕ ਰਾਹੀਂ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਵੱਖ-ਵੱਖ 11 ਟੀਮਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ। ਵਿਅਕਤੀਗਤ ਵਰਗ ਵਿੱਚ ਵੀ ਕਾਲਜ ਨੂੰ ਪਹਿਲਾ ਸਥਾਨ ਹਾਸਲ ਹੋਇਆ ਹੈ। ਇਸ ਨਾਟਕ ਦਾ ਵਿਸ਼ਾ ਨੌਜਵਾਨਾਂ ਦਾ ਆਪਣੇ ਘਰਾਂ ਤੋਂ ਭੱਜ ਜਾਣ ਨਾਲ ਸਬੰਧਤ ਸੀ। ਇਸ ਨਾਟਕ ਵਿੱਚ ਮਾਤਾ-ਪਿਤਾ ਅਤੇ ਬੱਚਿਆਂ ਵਿੱਚ ਹੁੰਦੀ ਆਪਸੀ ਗੱਲਬਾਤ ਨੂੰ ਪੇਸ਼ ਕੀਤਾ ਗਿਆ। ਪੂਰੀ ਟੀਮ ਨੇ ਇਸ ਨਾਟਕ ਨੂੰ ਵਿਸ਼ੇ ਅਨੁਸਾਰ ਬਾਖੂਬੀ ਪੇਸ਼ ਕਰਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੇ ਇਸ ਪ੍ਰਾਪਤੀ ਲਈ ਡਰਾਮਾ ਟੀਮ ਅਤੇ ਇੰਚਾਰਜ ਡਾ. ਖੁਸ਼ਦੀਪ ਕੌਰ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।