ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਜੂਨ
ਪਿੰਗਲਵਾੜਾ ਅੰਮ੍ਰਿਤਸਰ ਦੇ ਮੁਖੀ ਡਾ. ਇੰਦਰਜੀਤ ਕੌਰ ਵੱਲੋਂ ਗੁਰੂ ਅਮਰਦਾਸ ਬਿਰਧ ਆਸ਼ਰਮ ਦਾ ਦੌਰਾ ਕਰਕੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕੈਨੇਡਾ ਵਿੱਚ ਰਹਿ ਰਹੇ ਇਸ ਆਸ਼ਰਮ ਦੇ ਸੰਸਥਾਪਕ ਨੌਰੰਗ ਸਿੰਘ ਮਾਂਗਟ ਵੱਲੋਂ ਮਨੁੱਖਤਾ ਦੀ ਸੇਵਾ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ਼ਰਮ ਦੇ ਪ੍ਰਬੰਧਕ ਚਰਨ ਸਿੰਘ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ’ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਗੁਰਜੀਤ ਸਿੰਘ ਰੋਮਾਣਾ ਸੇਵਾਮੁਕਤ ਐੱਸਪੀ ਨੇ ਡਾ. ਇੰਦਰਜੀਤ ਕੌਰ ਨੂੰ ਸਮੁੱਚੀ ਜਾਣਕਾਰੀ ਦਿੱਤੀ। ਉਨ੍ਹਾਂ ਬਿਰਧ ਆਸ਼ਰਮ ਪਮਾਲੀ ਦਾ ਵੀ ਦੌਰਾ ਕੀਤਾ ਅਤੇ ਉਸ ਦੀ ਸਾਂਭ ਸੰਭਾਲ ਬਾਰੇ ਗੁਰਜੀਤ ਸਿੰਘ ਰੋਮਾਣਾ ਅਤੇ ਹੋਰ ਆਗੂਆਂ ਨਾਲ ਵਿਚਾਰ ਕਰਦਿਆਂ ਮਨਜੀਤ ਸਿੰਘ ਨੂੰ ਆਸ਼ਰਮ ਦਾ ਪ੍ਰਬੰਧਕ ਥਾਪਿਆ। ਰੋਮਾਣਾ ਨੇ ਦੱਸਿਆ ਕਿ ਇਹ ਆਸ਼ਰਮ ਗੁਰਸੇਵਕ ਸਿੰਘ ਮਧੋਕ ਵੱਲੋਂ ਚਲਾਇਆ ਜਾਂਦਾ ਸੀ ਪਰ ਉਨ੍ਹਾਂ ਨੇ ਆਪਣੀ ਸਿਹਤ ਠੀਕ ਹੋਣ ਦੀ ਸੂਰਤ ਵਿੱਚ ਇਸ ਦਾ ਪ੍ਰਬੰਧ ਪਿੰਗਲਵਾੜਾ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਹੈ।