ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਨਵੰਬਰ
ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਅੱਜ ਸਿਰਜਣਾ ਕੇਂਦਰ ਕਪੂਰਥਲਾ ਅਤੇ ਗਲੋਬਲ ਚਿੰਤਕ ਮੰਚ ਦੇ ਸਹਿਯੋਗ ਨਾਲ ਉੱਘੇ ਵਿਦਵਾਨ ਡਾ. ਆਸਾ ਸਿੰਘ ਘੁੰਮਣ ਦੀ ਇਤਿਹਾਸਕ ਪੁਸਤਕ ‘ਕੱਤਕ ਕਿ ਵਿਸਾਖ? ਕਿ ਦੋਵੇਂ’ ਉਪਰ ਵਿਚਾਰ ਚਰਚਾ ਸਥਾਨਕ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਮਹਿਲ ਸਿੰਘ, ਐਸਪੀ ਓਪਿੰਦਰਜੀਤ ਸਿੰਘ, ਤਰਲੋਚਨ ਸਿੰਘ ਭੱਟੀ ਪੀਸੀਐਸ ਅਤੇ ਡਾ. ਜੋਗਿੰਦਰ ਸਿੰਘ ਨੇ ਕੀਤੀ।
ਕੇਂਦਰੀ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ ਨੇ ਲੇਖਕ ਨੂੰ ਵਧਾਈ ਦਿੰਦਿਆਂ ਪੁਸਤਕ ਬਾਰੇ ਜਾਣ-ਪਛਾਣ ਕਰਵਾਈ। ਚਰਚਾ ਅਰੰਭ ਕਰਦਿਆਂ ਡਾ. ਕੁਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਡਾ. ਘੁੰਮਣ ਨੇ ਪੁਸਤਕ ਵਿਚ ਗੁਰੂ ਨਾਨਕ ਦੇਵ ਦੇ ਜਨਮ ਬਾਰੇ ਬਹੁਤ ਸਾਰੇ ਭਰਮ ਭੁਲੇਖਿਆਂ ਤੋਂ ਪਰਦਾ ਚੁੱਕਿਆ ਹੈ। ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਇਤਿਹਾਸਕ ਪਰਖ ਪੜਚੋਲ ਵੇਲੇ ਸਾਨੂੰ ਸਦੀਆਂ ਦੀਆਂ ਪਰੰਪਰਾਵਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਵਿਵਾਦ ਦੇ ਗਹਿਰੇ ਵਿਸ਼ਲੇਸ਼ਣ ਦੇ ਹੱਲ ਲਈ ਇਹ ਪੁਸਤਕ ਸਹਾਈ ਹੋਵੇਗੀ। ਡਾ. ਧਰਮ ਸਿੰਘ, ਡਾ. ਬਿਕਰਮ ਸਿੰਘ ਘੁੰਮਣ ਅਤੇ ਸ਼ਾਇਰ ਦੇਵ ਦਰਦ ਨੇ ਕਿਹਾ ਕਿ ਪੁਰਾਤਨ ਇਤਿਹਾਸਕ ਹਵਾਲਿਆਂ ਨੂੰ ਸੂਖਮਤਾ ਨਾਲ ਪੜ੍ਹਨ ਮਗਰੋਂ ਕੁਝ ਨਵੇਂ ਨਤੀਜੇ ਕੱਢੇ ਜਾ ਸਕਦੇ ਹਨ। ਗਿਆਨੀ ਜਗਰੂਪ ਸਿੰਘ ਅਤੇ ਪ੍ਰਿੰਸੀਪਲ ਕੇਵਲ ਸਿੰਘ ਰੱਤੜਾ ਨੇ ਵੀ ਪੁਸਤਕ ਬਾਰੇ ਵਿਚਾਰ ਰੱਖੇ। ਸਭਾ ਦੇ ਸਕੱਤਰ ਧਰਵਿੰਦਰ ਔਲਖ ਨੇ ਸਭ ਦਾ ਧੰਨਵਾਦ ਕੀਤਾ।