ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੁਲਾਈ
ਡਾ. ਅੰਬੇਡਕਰ ਸੰਘ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਮ ’ਤੇ ਮੰਗ ਪੱਤਰ ਭੇਜਿਆ। ਇਸ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਰਤਨ ਅਨਮੋਲ ਸਿੱਧੂ ਵੱਲੋਂ 178 ਲਾਅ ਅਫ਼ਸਰਾਂ ਦੀ ਨਿਯੁਕਤੀ ਬਾਰੇ ਕੀਤੀ ਵਕਾਲਤ ਅਤੇ ਐੱਸਸੀ ਬੀਸੀ ਭਾਈਚਾਰੇ ਬਾਰੇ ਕੀਤੀਆਂ ਟਿੱਪਣੀਆਂ ਦੀ ਨਿੰਦਾ ਵੀ ਕੀਤੀ ਗਈ ਹੈ। ਸੰਘ ਦੇ ਚੇਅਰਮੈਨ ਰਿਟਾਇਰਡ ਬੀਪੀਈਓ ਸ਼ੇਰ ਸਿੰਘ ਛਿੱਬੜ, ਪ੍ਰਧਾਨ ਸੋਹਣ ਸਿੰਘ ਖੋਖਰ ਅਤੇ ਜਨਰਲ ਸਕੱਤਰ ਵੀਰ ਸਿੰਘ ਸੰਗੋਵਾਲ ਦੀ ਅਗਵਾਈ ਵਿੱਚ ਦਿੱਤੇ ਗਏ ਮੰਗ ਪੱਤਰ ਰਾਹੀਂ ‘ਦੀ ਪੰਜਾਬ ਸਡਿਊਲ ਕਾਸਟ ਐਂਡ ਬੈਕਵਰਡ ਕਲਾਸਿਜ਼ ਰਿਜਰਵੇਸ਼ਨ ਇਨ ਸਰਵਿਸਿਜ਼ ਐਕਟ 2006’ ਨੂੰ ਲਾਗੂ ਕਰਕੇ ਲਾਅ ਅਫ਼ਸਰਾਂ ਦੀਆਂ 178 ਪੋਸਟਾਂ ਵਿੱਚ ਐਸਸੀ ਬੀਸੀ ਵਰਗ ਨੂੰ ਰਾਖਵਾਂਕਰਨ ਦੇਣ ਦੀ ਮੰਗ ਕੀਤੀ ਹੈ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਰਾਖਵਾਂਕਰਨ ਨੀਤੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਮੁਹੱਲਾ ਕਲੀਨਿਕਾਂ ’ਚ 533 ਪੋਸਟਾਂ ਖਤਮ ਕਰਨ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ, ਜਗਮੀਤ ਸਿੰਘ ਭਾਮੀਆਂ, ਬੂਟਾ ਸਿੰਘ ਕੁਹਾੜਾ, ਜਸਵੀਰ ਸਿੰਘ, ਗੁਰਦੇਵ ਸਿੰਘ ਭੰਗੂ, ਅਮਨਦੀਪ ਸਿੰਘ ਖੋਖਰ ਅਤੇ ਅਮਰਚੰਦ ਹਾਜ਼ਰ ਸਨ।