ਪੱਤਰ ਪ੍ਰੇਰਕ
ਰਾਏਕੋਟ, 13 ਮਈ
ਕਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਵਰਤੋਂ ’ਚ ਆਉਣ ਵਾਲੀਆਂ ਦਵਾਈਆਂ ਦੀਆਂ 301 ਕਿੱਟਾਂ ਅੱਜ ਲਾਇਨਜ਼ ਕਲੱਬ ਰਾਏਕੋਟ ਵੱਲੋਂ ਐੱਸਡੀਐੱਮ ਰਾਏਕੋਟ ਨੂੰ ਸੌਂਪੀਆਂ ਗਈਆਂ। ਇਸ ਮੌਕੇ ਐੱਸਡੀਐੱਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਕਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਸਮਾਜ-ਸੇਵੀ ਸੰਸਥਾਵਾਂ ਨੂੰ ਸਹਾਇਤਾ ਲਈ ਕਿਹਾ ਗਿਆ ਸੀ। ਜਿਸ ’ਤੇ ਅੱਜ ਲਾਇਨਜ਼ ਕਲੱਬ ਵੱਲੋਂ ਕਰੋਨਾ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ ਦੀਆਂ 301 ਕਿੱਟਾਂ ਬਣਾ ਕੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਦਵਾਈ ਰਾਏਕੋਟ, ਸੁਧਾਰ ਅਤੇ ਪੱਖੋਵਾਲ ਸਿਵਲ ਹਸਪਤਾਲਾਂ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਪ੍ਰਸ਼ਾਸਨ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਉਹ ਸੰਪਰਕ ਕਰ ਸਕਦੀ ਹੈ। ਇਸ ਮੌਕੇ ਲਾਇਨਜ ਕਲੱਬ ਰਾਏਕੋਟ ਦੇ ਹੀਰਾ ਲਾਲ ਬਾਂਸਲ (ਮੁਸਕਾਨ ਫੀਡ) ਨੇ ਐੱਸਡੀਐੱਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੂੰ ਭਰੋਸਾ ਦਿਵਾਇਆ ਕਿ ਕਰੋਨਾ ਮਹਾਮਾਰੀ ਦੀ ਰੋਕਥਾਮ ਲਈ ਉਹ ਪ੍ਰਸ਼ਾਸਨ ਦੀ ਹਰ ਸੰਭਵ ਸਹਾਇਤਾ ਕਰਦੇ ਰਹਿਣਗੇ।