ਰਾਮ ਗੋਪਾਲ ਰਾਏਕੋਟੀ
ਰਾਏਕੋਟ, 8 ਨਵੰਬਰ
ਰਾਏਕੋਟ ਵਿਖੇ ‘ਥਿੰਕ ਗੈਸ’ ਕੰਪਨੀ ਵਲੋਂ ਘਰਾਂ ਨੂੰ ਰਸੋਈ ਗੈਸ ਦੀ ਸਪਲਾਈ ਦੇਣ ਲਈ ਪਾਈਪ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਈਪਾਂ ਪਾ ਵੀ ਦਿੱਤੀਆਂ ਗਈਆਂ ਹਨ। ਗੈਸ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਏਕੋਟ ਸ਼ਹਿਰ ਵਿੱਚ ਲੋਕਾਂ ਦੇ ਘਰਾਂ ’ਚ ਪਾਈਪ ਰਾਹੀਂ ਗੈਸ ਕੁਨੈਕਸ਼ਨ ਦਿੱਤੇ ਜਾਣਗੇ ਤੇ ਗੈਸ ਖਪਤ ਲਈ ਘਰਾਂ ’ਚ ਮੀਟਰ ਲਗਾਏ ਜਾਣਗੇ। ‘ਥਿੰਕ ਗੈਸ’ ਕੰਪਨੀ ਰਾਏਕੋਟ ਵਿਖੇ ‘ਗੇਲ’ (ਗੈਸ ਅਥਾਰਟੀ ਆਫ ਇੰਡੀਆਂ) ਦੇ ਰਾਏਕੋਟ ਪੁਆਇੰਟ ਤੋਂ ਗੈਸ ਲਵੇਗੀ ਤੇ ਅੱਗੇ ਘਰਾਂ ’ਚ ਸਪਲਾਈ ਕਰੇਗੀ। ਉਨ੍ਹਾਂ ਕਿਹਾ ਕਿ ਰਾਏਕੋਟ ਲੁਧਿਆਣਾ ਜ਼ਿਲ੍ਹੇ ਦਾ ਪਹਿਲਾਂ ਸ਼ਹਿਰ ਹੋਵੇਗਾ ਜਿੱਥੇ ਗੈਸ ਸਪਲਾਈ ਪਾਈਪ ਰਾਹੀਂ ਸ਼ੁਰੂ ਕੀਤੀ ਜਾ ਰਹੀ ਹੈ। ਸ਼ਹਿਰ ਦੇ ਗਰੀਨ ਸਿਟੀ, ਬੈਂਕ ਕਲੋਨੀ, ਰਾਮਦਾਸ ਨਗਰ ’ਚ ਗੈਸ ਪਾਈਪ ਲਾਈਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਸਮੇਂ ਸ਼ਹਿਰ ਦੇ ਸੰਤੋਖ ਨਗਰ ’ਚ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ। ਇਹ ਗੈਸ ਸਿਲੰਡਰ ਵਾਲੀ ਗੈਸ ਤੋਂ ਸਸਤੀ ਪਵੇਗੀ ਤੇ ਇਸ ਦੀ ਸਪਲਾਈ ਨਿਰਵਿਘਨ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਗਰੀਨ ਸਿਟੀ, ਨਿਊ ਗਰੀਨ ਸਿਟੀ, ਬੈਂਕ ਕਲੋਨੀ, ਰਾਮ ਦਾਸ ਨਗਰ, ਨਿਊ ਮਾਡਲ ਟਾਊਨ, ਭਾਈ ਨੂਰਾ ਨਗਰ, ਸੰਤੋਖ ਨਗਰ, ਪ੍ਰੀਤ ਕਲੋਨੀ, ਸੰਤ ਕਲੋਨੀ, ਅਜੀਤਸਰ, ਦਾਣਾ ਮੰਡੀ, ਕੁੱਲਾ ਪੱਤੀ, ਪੰਜਾਬੀ ਬਾਗ ਸੁਸਾਇਟੀ, ਮੁਹੱਲਾ ਗੁਰਨਾਨਕ ਪੁਰਾ ਆਦਿ ਵਿੱਚ ਗੈਸ ਕੁਨੈਕਸ਼ਨ ਲਈ 4891 ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਤੇ ਇਨ੍ਹਾਂ ਥਾਵਾਂ ਲਈ 48397 ਮੀਟਰ ਪਾਈਪ ਪਾਈ ਜਾ ਰਹੀ ਹੈ।