ਸਤਵਿੰਦਰ ਬਸਰਾ
ਲੁਧਿਆਣਾ, 16 ਜੁਲਾਈ
ਐੱਨਪੀਏ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੇ ਅੱਜ ਦੂਜੇ ਦਿਨ ਵੀ ਪਸ਼ੂ ਹਸਪਤਾਲਾਂ ਅਤੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਆਪਣੀ ਸਮਾਨਾਂਤਰ ਓਪੀਡੀ ਚਲਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਦੌਰਾਨ 600 ਤੋਂ ਵੀ ਵੱਧ ਪਸ਼ੂਆਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਗਿਆ।
ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਇੱਕ ਮੈਮੋਰੰਡਮ ਇੱਥੇ ਬੱਚਤ ਭਵਨ ਵਿੱਚ ਕਾਂਗਰਸ ਐੱਮਪੀ ਰਵਨੀਤ ਸਿੰਘ ਬਿੱਟੂ ਨੂੰ ਦਿੱਤਾ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸਰਕਾਰ ਨਾਲ ਉੱਚ ਪੱਧਰੀ ਗੱਲ ਕਰਕੇ ਐੱਨਪੀਏ ਦਾ ਮਸਲਾ ਜਲਦੀ ਹੱਲ ਕਰਵਾਉਣਗੇ।
ਇਸੇ ਤਰ੍ਹਾਂ ਅੱਜ ਇੱਥੇ ਬੱਚਤ ਭਵਨ ਵਿੱਚ ਸਰਕਾਰੀ ਸਕੀਮਾਂ ਦੀ ਸਮੀਖਿਆ ਲਈ ਰੱਖੀ ਮੀਟਿੰਗ ਦਾ ਵੀ ਸਮੂਹ ਐੱਸਐੱਮਓਜ਼ ਨੇ ਬਾਈਕਾਟ ਕੀਤਾ ਅਤੇ ਸੀਨੀਅਰ ਡਾਕਟਰ ਮੀਟਿੰਗ ਦਾ ਬਾਈਕਾਟ ਕਰਦੇ ਹੋਏ ਉੱਠ ਕੇ ਬਾਹਰ ਆ ਗਏ।
ਭਵਨ ਦੇ ਬਾਹਰ ਇਕੱਠੇ ਹੋਏ ਡਾਕਟਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਬਣਦਾ ਹੱਕ ਸਰਕਾਰ ਨੇ ਨਾ ਦਿੱਤਾ ਤਾਂ ਸਮੁੱਚੇ ਮੈਡੀਕਲ ਅਤੇ ਵੈਟਰਨਰੀ ਡਾਕਟਰ ਸੋਮਵਾਰ ਤੋਂ ਅਣਮਿਥੀ ਹੜਤਾਲ ’ਤੇ ਚਲੇ ਜਾਣਗੇ, ਜਿਸ ਤੋਂ ਨਿਕਲਣ ਵਾਲੇ ਮਾੜੇ ਸਿੱਟਿਆਂਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ|
ਦੂਜੇ ਪਾਸੇ ਪੰਜਾਬ ਸਟੇਟ ਵੈਟਰਨਰੀ ਅਫਸਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਚਤਿੰਦਰ ਸਿੰਘ ਰਾਏ ਨੇ ਦੱਸਿਆ ਕਿ ਲੋੜਵੰਦ ਪਸ਼ੂ ਪਾਲਕਾਂ ਲਈ ਮੁਫਤ ਓਪੀਡੀ ਦੀ ਸਹੂਲਤ ਸ਼ਨੀਵਾਰ ਤੱਕ ਜਾਰੀ ਰਹੇਗੀ।
ਡਾਕਟਰਾਂ ਵੱਲੋਂ ਲੋਕਾਂ ਨੂੰ ਸਰਕਾਰੀ ਹਸਪਤਾਲ ਬਚਾਉਣ ਦਾ ਸੱਦਾ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਸਥਾਨਕ ਸਿਵਲ ਹਸਪਤਾਲ ਦੇ ਡਾਕਟਰ ਹੜਤਾਲ ’ਤੇ ਹੋਣ ਕਾਰਨ ਅੱਜ ਫਿਰ ਓਪੀਡੀ ਬੰਦ ਰਹੀ ਪਰ ਡਾਕਟਰਾਂ ਨੇ ਵਿਭਾਗ ਦੀਆਂ ਪਰਚੀਆਂ ਕੱਟਣ ਦੀ ਥਾਂ ਪ੍ਰਾਈਵੇਟ ਪਰਚੀਆਂ ’ਤੇ ਮਰੀਜ਼ਾਂ ਨੂੰ ਆਪਣੇ ਪੱਲਿਓਂ ਗੈਰ-ਸਰਕਾਰੀ ਦਵਾਈਆਂ ਦੀ ਵੰਡ ਕੀਤੀ। ਪੀਸੀਐੱਮਐੱਸ ਦੇ ਸੱਦੇ ’ਤੇ ਹੜਤਾਲੀ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਡਾ. ਸੁਰਿੰਦਰ ਸਿੰਘ ਝੰਮਟ ਨੇ ਆਖਿਆ ਕਿ ਛੇਵੇਂ ਤਨਖਾਹ ਕਮਿਸ਼ਨ ’ਚ ਡਾਕਟਰਾਂ ਦੇ ਐੱਨਪੀਏ ਕਟੌਤੀ ਕਰਕੇ ਉਸਨੂੰ ਬੇਸਿਕ ਤਨਖਾਹ ਨਾਲ ਜੋੜ ਕੇ ਉਨ੍ਹਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ 17 ਜੁਲਾਈ ਨੂੰ ਵੀ ਇਸੇ ਤਰ੍ਹਾਂ ਸਰਕਾਰੀ ਓਪੀਡੀ ਦਾ ਬਾਈਕਾਟ ਕਰ ਆਪਣੇ ਬਲਬੂਤੇ ’ਤੇ ਓਪੀਡੀ ਚਲਾਈਆਂ ਜਾਣਗੀਆਂ। ਜੇਕਰ ਫਿਰ ਵੀ ਸਰਕਾਰ ਨੇ ਅਣਦੇਖੀ ਕੀਤੀ ਤਾਂ 19 ਜੁਲਾਈ ਨੂੰ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਡਾਕਟਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਰੈਲੀ ਕੱਢੀ ਗਈ। ਰੋਸ ਪ੍ਰਗਟ ਕਰਨ ਵਾਲਿਆਂ ’ਚ ਡਾ. ਧੀਰਜ ਸਿੰਗਲਾ, ਡਾ. ਅਨੁਪ੍ਰੀਤ ਸੇਠੀ, ਡਾ. ਦੀਪਕ ਸਿੰਗਲਾ, ਡਾ. ਸੰਗੀਨਾ ਗਰਗ, ਡਾ. ਅਭਿਸ਼ੇਕ, ਡਾ. ਸੁਖਦੀਪ ਕੌਰ, ਡਾ. ਅਮਨਦੀਪ ਕੌਰ ਆਦਿ ਹਾਜ਼ਰ ਸਨ।