ਸਤਵਿੰਦਰ ਬਸਰਾ
ਲੁਧਿਆਣਾ, 23 ਅਕਤੂਬਰ
ਰੌਸ਼ਨੀ ਦਾ ਤਿਉਹਾਰ ਦੀਵਾਲੀ ਨੂੰ ਮਨਾਉਣ ਲਈ ਐਤਵਾਰ ਨੂੰ ਲੁਧਿਆਣਾ ਦੇ ਸਾਰੇ ਬਾਜ਼ਾਰਾਂ ਵਿੱਚ ਪੂਰੀ ਚਹਿਲ-ਪਹਿਲ ਰਹੀ। ਇਸ ਵਾਰ ਸਜਾਵਟੀ ਸਾਮਾਨ, ਬਿਜਲਈ ਲੜੀਆਂ ਅਤੇ ਹੋਰ ਸਾਮਾਨ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਕਈ ਗੁਣਾ ਵੱਧ ਹੋਣ ਕਰਕੇ ਆਮ ਲੋਕਾਂ ਲਈ ਇਹ ਦੀਵਾਲੀ ਮਹਿੰਗੀ ਦੀਵਾਲੀ ਮੰਨੀ ਜਾ ਰਹੀ ਹੈ। ਅੱਜ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਇਲਾਵਾ ਆਸ-ਪਾਸ ਦੇ ਬਾਜ਼ਾਰਾਂ ਵਿੱਚ ਵੀ ਗਾਹਕਾਂ ਦੀ ਪੂਰੀ ਰੌਣਕ ਸੀ। ਭਾਵੇਂ ਲੋਕਾਂ ਨੂੰ ਦੇਸ਼ ਦੀਆਂ ਬਣੀਆਂ ਵਸਤਾਂ ਹੀ ਖਰੀਦਣ ਨੂੰ ਪ੍ਰਮੁੱਖਤਾ ਦੇਣ ਦੀਆਂ ਅਪੀਲਾਂ ਕੀਤੀਆਂ ਗਈਆਂ ਸਨ ਪਰ ਬਹੁਤੇ ਲੋਕ ਸਜਾਵਟ ਲਈ ਵਿਦੇਸ਼ੀ ਸਾਮਾਨ ਦੀ ਹੀ ਖਰੀਦਦਾਰੀ ਕਰਦੇ ਦੇਖੇ ਗਏ। ਬਿਜਲੀ ਨਾਲ ਚੱਲਣ ਵਾਲੀਆਂ ਡਿਜ਼ਾਈਨਰ ਲੜੀਆਂ ਲੋਕਾਂ ਦੀ ਪਹਿਲੀ ਪਸੰਦ ਰਹੀਆਂ। ਇਸ ਵਾਰ ਪਾਣੀ ਨਾਲ ਚੱਲਣ ਵਾਲੇ ਦੀਵਿਆਂ ਦੇ ਬਾਜ਼ਾਰ ਵਿੱਚ ਆਉਣ ਨਾਲ ਲੋਕਾਂ ਦੀ ਮਿੱਟੀ ਦੇ ਦੀਵੇ ਖਰੀਦਣ ਵਿੱਚ ਰੁਚੀ ਕੁੱਝ ਘੱਟ ਹੋਈ ਹੈ। ਸਰ੍ਹੋਂ ਦਾ ਤੇਲ ਮਹਿੰਗਾ ਹੋਣ ਕਰਕੇ ਵੀ ਲੋਕ ਮਿੱਟੀ ਦੇ ਦੀਵੇ ਖਰੀਦਣ ਤੋਂ ਕੰਨ੍ਹੀ ਕਤਰਾਉਣ ਲੱਗੇ ਹਨ। ਦੂਜੇ ਪਾਸੇ ਭਾਂਤ-ਭਾਂਤ ਦੇ ਕਾਗਜ਼ੀ ਅਤੇ ਕੱਪੜੇ ਦੇ ਬਣੇ ਫੁੱਲਾਂ ਵਾਲੇ ਹਾਰ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਸਨ। ਪਿਛਲੇ ਸਾਲ ਜਿਹੜੀ ਨਕਲੀ ਫੁੱਲਾਂ ਦੀ ਲੜੀ 20 ਤੋਂ 25 ਰੁਪਏ ਵਿੱਚ ਮਿਲਦੀ ਸੀ, ਇਸ ਵਾਰ ਉਸ ਦੀ ਕੀਮਤ ਸਿੱਧੀ 50 ਰੁਪਏ ਤੱਕ ਪਹੁੰਚ ਗਈ ਹੈ।
ਮਠਿਆਈ ਦੀਆਂ ਦੁਕਾਨਾਂ ’ਤੇ ਵੀ ਸਾਰਾ ਦਿਨ ਗ੍ਰਾਹਕਾਂ ਦੀ ਭੀੜ ਰਹੀ। ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਪਟਾਕਿਆਂ ਦੇ ਲੱਗੇ ਖੋਖਿਆਂ ’ਤੇ ਵੀ ਗਾਹਕਾਂ ਦੀ ਭੀੜ ਦਿਖਾਈ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਪਟਾਕੇ ਮਹਿੰਗੇ ਹੋਣ ਦੇ ਬਾਵਜੂਦ ਥੋਕ ਦੇ ਵਪਾਰੀਆਂ ਵੱਲੋਂ ਗ੍ਰਾਹਕਾਂ ਨੂੰ ਪ੍ਰਿੰਟ ਕੀਮਤ ਨਾਲੋਂ 50 ਤੋਂ 60 ਫੀਸਦੀ ਤੱਕ ਸਸਤੇ ਵੇਚੇ ਜਾ ਰਹੇ ਸਨ।
ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਲੁਧਿਆਣਾ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਮੂਹ ਥਾਣਿਆਂ ਦੇ ਇੰਚਾਰਜਾਂ ਨੂੰ ਫਲੈਗ ਮਾਰਚ ਕਰਨ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੀਵਾਲੀ ਵਾਲੇ ਦਿਨ ਦੋ ਥਾਵਾਂ ਲਈ 15-15 ਮੁਲਾਜ਼ਮਾਂ ਦੀਆਂ ਦੋ ਟੀਮਾਂ ਰਿਜ਼ਰਵ ਰੱਖੀਆਂ ਗਈਆਂ ਹਨ। ਦੀਵਾਲੀ ਮੌਕੇ ਬਾਜ਼ਾਰਾਂ ਵਿੱਚ ਵਧੀ ਭੀੜ ਘੱਟ ਕਰਨ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲੀਸ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਹੈ। ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਤੰਗ ਬਾਜ਼ਾਰਾਂ ਦੇ ਨੇੜੇ ਪਾਰਕਿੰਗ ਦੀ ਸਹੂਲਤ ਦੇਣ, ਚੌੜਾ ਬਾਜ਼ਾਰ ਅਤੇ ਹੋਰ ਅਜਿਹੇ ਬਾਜ਼ਾਰਾਂ ਵਿੱਚ ਆਟੋ ਰਿਕਸ਼ਾ ਲਿਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੁਕਾਨਾਂ ਅਤੇ ਫੜੀਆਂ ਲਗਾ ਕੇ ਸਮਾਨ ਵੇਚਣ ਵਾਲਿਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਾਮਾਨ ਇਸ ਤਰ੍ਹਾਂ ਸਜਾਉਣ ਤਾਂ ਕਿ ਟਰੈਫਿਕ ਵਿੱਚ ਕੋਈ ਅੜਿੱਕਾ ਨਾ ਪਵੇ। ਪੀਸੀਆਰ ਟੀਮਾਂ ਨੂੰ ਵੀ ਲਗਾਤਾਰ ਪੈਟਰੋਲਿੰਗ ਕਰਦੇ ਰਹਿਣ ਦੀ ਹਦਾਇਤ ਜਾਰੀ ਕੀਤੀ ਹੈ। ਕੌਸਤੁਭ ਸ਼ਰਮਾ ਨੇ ਦੱਸਿਆ ਕਿ ਟਰੈਫਿਕ ਸਮੱਸਿਆ ਦੀ ਜਾਣਕਾਰੀ ਲਈ ਟੂ-ਵ੍ਹੀਲਰ ਟੀਮਾਂ ਵੀ ਲਾਈਆਂ ਗਈਆਂ ਹਨ। ਇਸੇ ਤਰ੍ਹਾਂ ਦੀਵਾਲੀ ਵਾਲੇ ਦਿਨ ਸਥਾਨਕ ਸਮਰਾਲਾ ਚੌਕ ਅਤੇ ਜਗਰਾਉਂ ਪੁਲ ’ਤੇ ਵਾਧੂ ਸੁਰੱਖਿਆ ਲਈ 15-15 ਮੁਲਾਜ਼ਮ ਰਿਜ਼ਰਵ ਰੱਖੇ ਗਏ ਹਨ। ਪੁਲੀਸ ਕਮਿਸ਼ਨਰ ਨੇ ਗਹਿਣੇ ਬਣਾਉਣ ਵਾਲਿਆਂ ਦੀ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕਰਕੇ ਸੁਰੱਖਿਆ ਦਾ ਜਾਇਜ਼ਾ ਲਿਆ।
ਮੰਡੀ ਅਹਿਮਦਗੜ੍ਹ ਵਿੱਚ ਪੁਲੀਸ ਵੱਲੋਂ ਫਲੈਗ ਮਾਰਚ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਦੀਵਾਲੀ ਦੀ ਪੂਰਵ ਸੰਧਿਆ ’ਤੇ ਇੱਥੋਂ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਤਿਉਹਾਰਾਂ ਦੀ ਖਰੀਦਦਾਰੀ ਲਈ ਕੀਤੇ ਵਾਧੂ ਇੰਤਜ਼ਾਮਾਂ ਤੋਂ ਪੈਦਾ ਹੋਈ ਸਥਿਤੀ ਨੂੰ ਨਜਿੱਠਨ ਲਈ ਪ੍ਰਸ਼ਾਸਨ ਪੱਬਾਂ ਭਾਰ ਰਿਹਾ। ਭਾਵੇਂ ਪ੍ਰਸ਼ਾਸਨ ਵੱਲੋਂ ਪਟਾਖਿਆਂ ਅਤੇ ਆਤਿਸ਼ਬਾਜੀ ਦੀ ਵਿਕਰੀ ਲਈ ਇੱਥੋਂ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਕੋਲ ਖੁੱਲ੍ਹੀ ਥਾਂ ਤੈਅ ਕੀਤੀ ਸੀ ਪਰ ਸਿਰਫ਼ ਇੱਕ ਦੁਕਾਨਦਾਰ ਨੂੰ ਲਾਇਸੈਂਸ ਮਿਲਿਆ ਹੋਣ ਕਰਕੇ ਜ਼ਿਆਦਾਤਰ ਲੋਕ ਬਾਜ਼ਾਰ ਵਿੱਚ ਪੱਕੀਆਂ ਦੁਕਾਨਾਂ ਅਤੇ ਸਟਾਲਾਂ ਤੋਂ ਖਰੀਦਦਾਰੀ ਕਰ ਰਹੇ ਹਨ। ਬਾਜ਼ਾਰਾਂ ਵਿੱਚ ਭੀੜ ਇੰਨੀ ਜ਼ਿਆਦਾ ਸੀ ਕਿ ਵਾਹਨਾਂ ਦਾ ਲੰਘਣਾ ਔਖਾ ਹੋ ਗਿਆ ਹੈ। ਐੱਸਐੱਸਪੀ ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਟਰੈਫਿਕ ਦੇ ਮੱਦੇਨਜ਼ਰ ਏਐੱਸਪੀ ਅਹਿਮਦਗੜ੍ਹ ਡਾ. ਜਯੋਤੀ ਯਾਦਵ ਦੀ ਨਿਗਰਾਨੀ ਹੇਠ ਵਾਧੂ ਫੋਰਸ ਲਗਾਈ ਗਈ ਹੈ ਜੋ ਕਿ ਦਿਨ-ਰਾਤ ਚੌਕਸੀ ਰੱਖ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏਗੀ। ਇਸ ਸਬੰਧ ਵਿੱਚ ਅੱਜ ਸ਼ਹਿਰ ਤੋਂ ਇਲਾਵਾ ਨੇੜਲੇ ਇਲਾਕੇ ਵਿੱਚ ਫਲੈਗ ਮਾਰਚ ਕੱਢੇ ਗਏ ਅਤੇ ਗੈਰਸਮਾਜਿਕ ਤੱਤਾਂ ’ਤੇ ਨਿਗਰਾਨੀ ਰੱਖਣ ਲਈ ਸਪੈਸ਼ਲ ਨਾਕੇ ਲਗਾਏ ਗਏ। ਡਾ. ਜਯੋਤੀ ਨੇ ਦੱਸਿਆ ਕਿ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਹ ਤਾਕੀਦ ਕੀਤੀ ਗਈ ਹੈ ਕਿ ਤਿਉਹਾਰ ਦੇ ਮੱਦੇਨਜ਼ਰ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।