ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਮਾਰਚ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਚੁਣੇ ਗਏ 91 ਵਿਧਾਇਕਾਂ ਦੀ ਅੰਮ੍ਰਿਤਸਰ ਫੇਰੀ ਲਈ ਪੰਜਾਬ ਰੋਡਵੇਜ਼ ਦੇ ਜਗਰਾਉਂ ਡਿੱਪੂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਰੋਡ ਸ਼ੋਅ ਲਈ ਕੁੱਲ 37 ਬੱਸਾਂ ਭੇਜੀਆਂ ਗਈਆਂ। ਇਨ੍ਹਾਂ ’ਚ ਹਲਕਾ ਜਗਰਾਉਂ ’ਚੋਂ 22, ਹਲਕਾ ਰਾਏਕੋਟ ਤੋਂ 10 ਅਤੇ ਹਲਕਾ ਦਾਖਾ ਤੋਂ 5 ਬੱਸਾਂ ਸ਼ਾਮਲ ਹਨ। ਇਨ੍ਹਾਂ ਬੱਸਾਂ ਦੇ ਅੰਮ੍ਰਿਤਸਰ ਭੇਜਣ ਕਰਕੇ ਸਵਾਰੀਆਂ ਨੂੰ ਵੱਖਰੀ ਖੁੱਜਲ ਖੁਆਰੀ ਝੱਲਣੀ ਪਈ। ਇਸ ’ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਕਰਦਿਆਂ ਕਿਹਾ ਹੈ ਕਿ ਰਵਾਇਤੀ ਸਿਆਸਤ ਬਦਲਣ ਆਈ ‘ਆਪ’ ਪਿਛਲੀਆਂ ਸਰਕਾਰਾਂ ਦੇ ਇਨ੍ਹਾਂ ਕਦਮਾਂ ’ਤੇ ਉਂਗਲ ਚੁੱਕਦੀ ਰਹੀ ਹੈ ਅਤੇ ਹੁਣ ਸਰਕਾਰ ਬਣਨ ਤੋਂ ਪਹਿਲਾਂ ਹੀ ਇਸੇ ਰਾਹ ਪੈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਸਰਕਲ ਜਥੇਦਾਰ ਇੰਦਰਜੀਤ ਸਿੰਘ ਲਾਂਬਾ ਨੇ ਕਿਹਾ ਕਿ ਇਨਕਲਾਬ ਲਿਆਉਣ ਦੇ ਦਾਅਵੇ ਕਰਨ ਵਾਲੀ ‘ਆਪ’ ਨੇ ਸਰਕਾਰ ਬਣਨ ਤੋਂ ਪਹਿਲਾਂ ਹੀ ਪਹਿਲਾ ਕਦਮ ਉਹ ਚੁੱਕਿਆ ਜਿਸ ਦਾ ਉਹ ਪਿਛਲੇ ਸਮੇਂ ’ਚ ਸਖਤ ਵਿਰੋਧ ਕਰਦੀ ਆਈ ਹੈ। ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਨੇ ਕਿਹਾ ਕਿ ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਸਰਕਾਰੀ ਖਜ਼ਾਨੇ ਨੂੰ ਲੁਟਾਉਣ ਵਾਲੇ ਕਦਮ ਨਾਲ ‘ਆਪ’ ਦੀ ਸੋਚ ਤੇ ਸੱਚ ਉਜਾਗਰ ਹੋ ਗਿਆ ਹੈ। ‘ਆਪ’ ਆਗੂ ਤੇ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਫੋਨ ਨਹੀਂ ਚੁੱਕਿਆ ਜਦਕਿ ਉਨ੍ਹਾਂ ਦੇ ਨਜ਼ਦੀਕੀ ਸਾਥੀ ਪ੍ਰੀਤਮ ਸਿੰਘ ਅਖਾੜਾ ਨੇ ਕਿਹਾ ਕਿ ਬਾਹਰ ਹੋਣ ਕਰ ਕੇ ਉਨ੍ਹਾਂ ਨੂੰ ਇਸ ਬਾਬਤ ਜਾਣਕਾਰੀ ਨਹੀਂ ਹੈ। ਮਹਿਕਮੇ ਨਾਲ ਜੁੜੇ ਸੂਤਰਾਂ ਅਨੁਸਾਰ ਇਕ ਬੱਸ ਔਸਤਨ ਰੋਜ਼ਾਨਾ 10 ਤੋਂ 12 ਹਜ਼ਾਰ ਰੁਪਏ ਦੀ ਕਮਾਈ ਕਰਦੀ ਹੈ। ਇਸ ਤਰ੍ਹਾਂ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਨੇ ਇਕ ਦਿਨ ’ਚ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਸ ਕਮਾਈ ਦੇ ਉਲਟ ਤੇਲ ਤੇ ਟੌਲ ਦਾ ਖਰਚਾ ਵੀ ਹਾਲ ਦੀ ਘੜੀ ਰੋਡਵੇਜ਼ ਨੂੰ ਪੱਲਿਓਂ ਕਰਨਾ ਪਿਆ ਹੈ। ਸਥਾਨਕ ਡਿੱਪੂ ਤੋਂ ਬੱਸਾਂ ਭੇਜਣ ਵਾਲੇ ਇੰਚਾਰਜ ਸੁਮਿਤ ਗੋਇਲ ਨੇ ਜਗਰਾਉਂ ਡਿੱਪੂ ਵੱਲੋਂ 37 ਬੱਸਾਂ ਭੇਜਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਦੇ ਖਰਚੇ ਬਾਰੇ ਬਿੱਲ ਤਿਆਰ ਕਰਕੇ ਅਤੇ ਮਾਰਕ ਕਰਵਾ ਕੇ ਕਲੇਮ ਲਈ ਵਿਭਾਗ ਨੂੰ ਭੇਜੇ ਜਾਣਗੇ।
ਜਾਣਕਾਰੀ ਅਨੁਸਾਰ ਰੈਲੀਆਂ, ਮੇਲਿਆਂ ਆਦਿ ਲਈ ਬੱਸਾਂ ਭੇਜਣ ਸਮੇਂ 6000 ਰੁਪਏ ਪ੍ਰਤੀ ਬੱਸ ਕਲੇਮ ਕੀਤੇ ਜਾਂਦੇ ਹਨ। ਇਹ ਅਦਾਇਗੀ ਹੋਣ ’ਤੇ ਰੋਡਵੇਜ਼ ਨੂੰ ਅੱਧੀ ਰਕਮ ਹੀ ਵਸੂਲ ਹੋਵੇਗੀ। ਕਈ ਲੋਕਾਂ ਨੇ ਇਸ ਨੂੰ ਫਜ਼ੂਲ ਖਰਚ ਕਰਾਰ ਦਿੰਦੇ ਹੋਏ ਭਵਿੱਖ ’ਚ ਇਸ ਤੋਂ ਬਚਣ ਦੀ ਨਸੀਹਤ ਦਿੱਤੀ ਹੈ।
ਲੁਧਿਆਣਾ ਤੋਂ 13 ਵਿਧਾਇਕ ਕਾਫ਼ਲੇ ਲੈ ਕੇ ਧੰਨਵਾਦ ਮਾਰਚ ਵਿੱਚ ਹੋਏ ਸ਼ਾਮਲ
ਲੁਧਿਆਣਾ(ਗਗਨਦੀਪ ਅਰੋੜਾ): ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਵਿੱਚ ਕੱਢੇ ਗਏ ਧੰਨਵਾਦ ਮਾਰਚ ਵਿੱਚ ਜ਼ਿਲ੍ਹਾ ਲੁਧਿਆਣਾ ਦੇ 13 ਨਵੇਂ ਚੁਣੇ ਵਿਧਾਇਕ ਆਪਣੇ ਸਮਰਥਕਾਂ ਦੇ ਕਾਫ਼ਲੇ ਨਾਲ ਸ਼ਾਮਲ ਹੋਏ। ਇਨ੍ਹਾਂ ਨਵੇਂ ਚੁਣੇ ਵਿਧਾਇਕਾਂ ਨੇ ਮੁੱਖ ਮੰਤਰੀ ਕੇਜਰੀਵਾਲ ਤੇ ਭਗਵੰਤ ਮਾਨ ਦੇ ਨਾਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ, ਫਿਰ ਜੱਲ੍ਹਿਆਂਵਾਲਾ ਬਾਗ, ਦੁਰਗਿਆਨਾ ਮੰਦਰ ਤੇ ਰਾਮ ਤੀਰਥ ’ਤੇ ਵੀ ਮੱਥਾ ਟੇਕਿਆ। ਜਿਸ ਤੋਂ ਬਾਅਦ ਇੱਕ ਖੁੱਲ੍ਹੇ ਟਰੱਕ ਵਿੱਚ ਬੈਠ ਇਹ ਸਾਰੇ ਵਿਧਾਇਕ ਧੰਨਵਾਦ ਮਾਰਚ ਦਾ ਹਿੱਸਾ ਬਣੇ। ਜ਼ਿਲ੍ਹਾ ਲੁਧਿਆਣਾ ਦੇ ਵਿਧਾਨਸਭਾ ਹਲਕਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ ਭੋਲਾ, ਹਲਕਾ ਪੱਛਮੀ ਤੋਂ ਗੁਰਪ੍ਰੀਤ ਗੋਗੀ, ਹਲਕਾ ਕੇਂਦਰੀ ਤੋਂ ਅਸ਼ੋਕ ਪਰਾਸ਼ਰ, ਹਲਕਾ ਉੱਤਰੀ ਤੋਂ ਮਦਨ ਲਾਲ ਬੱਗਾ, ਹਲਕਾ ਦੱਖਣੀ ਤੋਂ ਰਾਜਿੰਦਰਪਾਲ ਕੌਰ ਛੀਨਾ, ਹਲਕਾ ਗਿੱਲ ਤੋਂ ਜੀਵਨ ਸਿੰਘ ਸੰਗੋਵਾਲ, ਹਲਕਾ ਜਗਰਾਉਂ ਤੋਂ ਸਰਬਜੀਤ ਕੌਰ ਮਾਣੁੰਕੇ ਸਣੇ ਸਾਰੇ ਹੀ ਨਵੇਂ ਚੁਣੇ ਵਿਧਾਇਕ ਆਪਣੇ ਆਪਣੇ ਸਮਰਥਕਾਂ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਗਏ ਤੇ ਧੰਨਵਾਦ ਮਾਰਚ ਵਿੱਚ ਸ਼ਾਮਲ ਹੋਏ। ਲੁਧਿਆਣਾ ਤੋਂ ਰਵਾਨਾ ਹੁੰਦੇ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਲੋਕਾਂ ਨੇ ‘ਆਪ’ ਦੀ ਸੋਚ ਨੂੰ ਦੇਖਦੇ ਹੋਏ ਹੀ ਇਨ੍ਹੀਂ ਵੱਡੀ ਲੀਡ ਦੇ ਨਾਲ ਉਨ੍ਹਾਂ ਨੂੰ ਜਿੱਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਆਪਣੀ ਪੂਰੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਲੋਕਾਂ ਨੂੰ ਜਤਾਏ ਗਏ ਭਰੋਸਾ ’ਤੇ ਖ਼ਰਾ ਉਤਰਣਗੇ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਤਰਸੇਮ ਸਿੰਘ ਭਿੰਡਰ, ਸੁਰਿੰਦਰ ਮਦਾਨ, ਬਾਦਲ ਪ੍ਰਕਾਸ਼, ਕਮਲ ਮਿਗਲਾਨੀ, ਜਤਿੰਦਰ ਸੋਢੀ, ਪਵਨ ਭੋਲਾ ਵੀ ਮੌਜੂਦ ਸਨ।