ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਮਾਰਚ
ਜ਼ਿਲ੍ਹਾ ਪੱਧਰੀ ਮਾਈਕਰੋ ਤੇ ਲਘੂ ਉਦਯੋਗ ਸੁਵਿਧਾ ਕੌਂਸਲ ਦੀ 170ਵੀਂ ਕਾਰਜਕਾਰੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਬਤੌਰ ਕੋਆਰਡੀਨੇਟਰ ਨੀਰੂ ਕਤਿਆਲ, ਕੌਂਸਲ ਦੇ ਮੈਂਬਰਾਂ ਵਜੋ ਐਡਵੋਕੇਟ ਹਿਮਾਂਸ਼ੂ ਵਾਲੀਆ, ਲੀਡ ਜ਼ਿਲ੍ਹਾ ਮੈਨੇਜਰ ਲੁਧਿਆਣਾ ਸੰਜੇ ਕੁਮਾਰ ਗੁਪਤਾ, ਮੈਂਬਰ ਸਕੱਤਰ ਰਾਕੇਸ਼ ਕਾਂਸਲ, ਜਨਰਲ ਮੈਨੇਜਰ ਕਮ ਜਨਰਲ ਮੈਨੇਜਰ ਤੇ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਹਾਜ਼ਰ ਸਨ। ਮੀਟਿੰਗ ਲਈ ਲਗਭਗ 80 ਕੇਸ ਸੂਚੀਬੱਧ ਕੀਤੇ ਗਏ ਸਨ ਅਤੇ ਇਨ੍ਹਾਂ ਕੇਸਾਂ ਦਾ ਫ਼ੈਸਲਾ ਕੀਤਾ ਗਿਆ ਜਦਕਿ 23 ਹਵਾਲਾ ਦਾਅਵਿਆਂ ਦੀ ਪਟੀਸ਼ਨ ਵਿੱਚੋਂ 12 ਕੇਸਾਂ ਦੀ ਇਜਾਜ਼ਤ ਦਿੱਤੀ ਗਈ ਅਤੇ 11 ਨੂੰ ਕਾਨੂੰਨੀ ਆਧਾਰਾਂ ਜਿਵੇਂ ਕਿ ਲਿਮਟ, ਰਜਿਸਟ੍ਰੇਸ਼ਨ ਅਤੇ ਹੋਰ ਆਧਾਰਾਂ ’ਤੇ ਖਾਰਜ ਕੀਤਾ ਗਿਆ। ਇਸ ਦੌਰਾਨ ਮੀਟਿੰਗ ਵਿੱਚ ਹਾਜ਼ਰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਰਾਕੇਸ਼ ਕੁਮਾਰ ਕਾਂਸਲ ਨੇ ਦੱਸਿਆ ਕਿ ਝਗੜਿਆਂ ਦੇ ਸੁਹਿਰਦ ਨਿਪਟਾਰੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਅਤੇ ਐਮਐਸਐਮਈ ਵਿਕਾਸ ਐਕਟ 2006 ਦੇ ਅਨੁਸਾਰ ਮਾਈਕਰੋ ਤੇ ਲਘੂ ਉਦਯੋਗਾਂ ਦੇ ਦੇਰੀ ਨਾਲ ਅਦਾਇਗੀਆਂ ਨਾਲ ਸਬੰਧਤ ਮਸਲਿਆਂ ਦੇ ਨਿਪਟਾਰੇ ਲਈ ਪਲੇਟਫਾਰਮ ਪ੍ਰਦਾਨ ਕੀਤਾ ਜਾਂਦਾ ਹੈ। ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਵਜੋਂ ਐਡਵੋਕੇਟ ਹਿਮਾਂਸ਼ੂ ਵਾਲੀਆ ਨੇ ਕਿਹਾ ਕਿ ਭਾਗੀਦਾਰਾਂ ਨੂੰ ਇਸ ਅਰਧ- ਨਿਆਂਇਕ ਅਥਾਰਟੀ ਦਾ ਲਾਹਾ ਲੈਣਾ ਚਾਹੀਦਾ ਹੈ।