ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਅਗਸਤ
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕਾਨਫਰੰਸ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਹੋਈ। ਕਾਨਫਰੰਸ ਦੀ ਸ਼ੁਰੂਆਤ ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਲਾਲ ਝੰਡਾ ਲਹਿਰਾ ਕੇ ਕੀਤੀ। ਇਸ ਮੌਕੇ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਪ੍ਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਕੁਲਵੰਤ ਕੌਰ ਅਤੇ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਮਾਜਿਕ ਸਦਭਾਵਨਾ, ਬੇਰੁਜ਼ਗਾਰੀ, ਮਹਿੰਗਾਈ, ਸਿਹਤ ਤੇ ਸਿੱਖਿਆ ਮੁੱਦਿਆਂ ਉੱਤੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਕਾਨਫਰੰਸ ਦੌਰਾਨ 53 ਮੈਂਬਰੀ ਕੌਂਸਲ ਦੀ ਚੋਣ ਕਰਦਿਆਂ ਕਾਮਰੇਡ ਡੀਪੀ ਮੌੜ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਕੌਮੀ ਕੌਂਸਲ ਦੇ ਮੈਂਬਰ ਡਾ. ਅਰੁਣ ਮਿੱਤਰਾ ਨੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਚਰਚਾ ਕਰਦਿਆਂ ਵਰਕਰਾਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਇਲਾਵਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਵਿਗੜੀ ਹਾਲਤ, ਸਿਹਤ ਸੇਵਾਵਾਂ ਸਮੇਤ ਸਿੱਖਿਆ ਦੀ ਮੌਜੂਦਾ ਸਥਿਤੀ ਬਾਰੇ ਵੀ ਵਿਚਾਰ ਰੱਖੇ।