ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਸਤੰਬਰ
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਇਥੋਂ ਦੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਗੁਜਰਖਾਨ ਕੈਂਪਸ ਮਾਡਲ ਟਾਊਨ ਵਿੱਚ ਰੈੱਡ ਰਬਿਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪਿਛਲੇ ਸਾਲ ਦੇ ਆਧਾਰ ’ਤੇ ਰੈੱਡ ਰਬਿਨ ਕਲੱਬਾਂ ਦੇ ਨੋਡਲ ਅਫਸਰਾਂ ਵਿੱਚੋਂ 5 ਬੈਸਟ ਨੋਡਲ ਅਫਸਰਾਂ ਦੀ ਚੋਣ ਕੀਤੀ ਗਈ ਅਤੇ ਉਨ੍ਹਾਂ ਦੇ ਕਾਲਜਾਂ ਨੂੰ ਬੈਸਟ ਰੈੱਡ ਰਬਿਨ ਕਲੱਬਾਂ ਦੇ ਐਵਾਰਡ ਪ੍ਰਦਾਨ ਕੀਤੇ ਗਏ। ਇਨ੍ਹਾਂ ਕਾਲਜਾਂ ’ਚ ਨੈਸ਼ਨਲ ਕਾਲਜ ਦੋਰਾਹਾ ਤੋਂ ਪ੍ਰੋ. ਲਵਲੀਨ ਕੌਰ, ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਤੋਂ ਡਾ. ਜਸਪ੍ਰੀਤ ਕੌਰ ਗੁਲਾਟੀ, ਜੀਐੱਚਜੀ ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ ਤੋਂ ਪ੍ਰੋ. ਪ੍ਰਗਟ ਸਿੰਘ ਗਰਚਾ, ਐੱਸਆਰਐੱਸ ਸਰਕਾਰੀ ਪੌਲੀਟੈਕਨਿਕ ਲੁਧਿਆਣਾ ਤੋਂ ਲਖਵੀਰ ਸਿੰਘ ਅਤੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਗੁਜਰਖਾਨ ਕੈਂਪਸ ਮਾਡਲ ਟਾਊਨ ਤੋਂ ਨਿਧੀ ਦੇ ਨਾਮ ਸ਼ਾਮਲ ਹਨ।
ਸਮਾਗਮ ਦੇ ਮੁੱਖ ਮਹਿਮਾਨ ਐੱਮਐੱਮਓ ਡਾ. ਅਵਿਨਾਸ਼ ਜਿੰਦਲ ਨੇ ਏਡਜ਼ ਤੇ ਟੀਵੀ ਦੀਆਂ ਬਿਮਾਰੀਆਂ ’ਤੇ ਸੰਖੇਪ ਭਾਸ਼ਣ ਦਿੱਤਾ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਕਾਲਜ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਕਾਲਜ ਪ੍ਰਿੰਸੀਪਲ ਡਾ. ਮਨਿਤਾ ਕਾਹਲੋਂ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਜ਼ਿਲ੍ਹਾ ਪੱਧਰੀ ਕੁਇਜ਼ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਟੀਮ ਨੂੰ 6 ਹਜ਼ਾਰ, ਦੂਜੇ ਸਥਾਨ ’ਤੇ 3 ਹਜ਼ਾਰ ਜਦਕਿ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 2 ਹਜ਼ਾਰ ਰੁਪਏ ਦਿੱਤੇ ਗਏ। ਇਸ ਮੁਕਾਬਲੇ ਵਿੱਚੋਂ ਰੀਆ ਗੋਇਲ ਅਤੇ ਤਾਨਵੀ, ਦੂਜੇ ਸਥਾਨ ’ਤੇ ਰਵਨੀਤ ਕੌਰ ਝੱਜ ਅਤੇ ਸ਼ਿਵਾਨੀ ਦੂਬੇ ਜਦਕਿ ਤੀਜੇ ਸਥਾਨ ’ਤੇ ਸੋਨਪ੍ਰੀਤ ਕੌਰ ਅਤੇ ਗਰਿਮਾ ਨਰੂਲਾ ਦੀ ਟੀਮ ਆਈ। ਇਸੇ ਤਰ੍ਹਾਂ ਪੋਸਟਰ ਮੇਕਿੰਗ ਵਿੱਚ ਜਸਲੀਨ ਕੌਰ ਨੇ ਪਹਿਲਾ, ਆਰਜੂ ਖੁਰਾਣਾ ਅਤੇ ਅਦਿਤੀ ਮਿਸ਼ਰਾ ਨੇ ਦੂਜਾ ਜਦਕਿ ਸੁਖਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਪਰਮਪ੍ਰੀਤ ਕੌਰ ਪਹਿਲੇ, ਮਨਮਿੰਦਰ ਕੌਰ ਅਤੇ ਸੁਖਮਪ੍ਰੀਤ ਕੌਰ ਦੂਜੇ ਜਦਕਿ ਸਮੀਰ ਸੱਭਰਵਾਲ ਤੀਜੇ ਸਥਾਨ ’ਤੇ ਰਹੀ। ਇਸ ਸਮਾਗਮ ਵਿੱਚ 200 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ।