ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਅਪਰੈਲ
ਪੰਜਾਬ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰੂਪ ’ਚ ਨਵਾਂ ਪ੍ਰਧਾਨ ਅਤੇ ਭਾਰਤੀ ਭੂਸ਼ਨ ਆਸ਼ੂ ਕਾਰਜਕਾਰੀ ਪ੍ਰਧਾਨ ਮਿਲਣ ਤੋਂ ਬਾਅਦ ਹੁਣ ਸੂਬੇ ਦੇ ਜ਼ਿਲ੍ਹਾ ਪ੍ਰਧਾਨ ਬਦਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਬੀਤੇ ਕੱਲ੍ਹ ਇਨ੍ਹਾਂ ਦੋਹਾਂ ਕਾਂਗਰਸੀ ਆਗੂਆਂ ਨੇ ਆਪਣੇ ਅਹੁਦੇ ਸੰਭਾਲਣ ਤੋਂ ਫੌਰੀ ਬਾਅਦ ਨਵੇਂ ਜ਼ਿਲ੍ਹਾ ਪ੍ਰਧਾਨ ਬਣਾਉਣ ਬਾਰੇ ਮੰਥਨ ਸ਼ੁਰੂ ਕਰ ਦਿੱਤਾ। ਜਿਥੋਂ ਤੱਕ ਜ਼ਿਲ੍ਹਾ ਲੁਧਿਆਣਾ ਦਾ ਸਵਾਲ ਹੈ ਤਾਂ ਇਥੇ ਬਿਨਾਂ ਸ਼ੱਕ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਦੀ ਮਰਜ਼ੀ ਚੱਲੇਗੀ।
ਇਸ ਸਮੇਂ ਅਸ਼ਵਨੀ ਸ਼ਰਮਾ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੇ ਜਦਕਿ ਕਰਨਜੀਤ ਸਿੰਘ ਸੋਨੀ ਗਾਲਬਿ ਦਿਹਾਤੀ ਪ੍ਰਧਾਨ ਹਨ। ਚਾਰ ਦਿਨ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਲੁਧਿਆਣਾ ਜ਼ਿਲ੍ਹੇ ਦੇ ਦੌਰੇ ’ਤੇ ਆਉਣ ਅਤੇ ਰਾਤ ਵੀ ਲੁਧਿਆਣਾ ਵਿੱਚ ਠਹਿਰਨ ਸਮੇਂ ਇਸ ਸਬੰਧੀ ਚਰਚਾ ਹੋਈ ਸੀ। ਜਾਣਕਾਰੀ ਅਨੁਸਾਰ ਸੋਨੀ ਗਾਲਬਿ ਨੇ ਇਸ ਸਮੇਂ ਖ਼ੁਦ ਹੀ ਐਤਕੀਂ ਕਿਸੇ ਹੋਰ ਨੂੰ ਮੌਕਾ ਦੇਣ ਲਈ ਕਿਹਾ ਹੈ। ਉਨ੍ਹਾਂ ਵੱਲੋਂ ਅਹੁਦਾ ਛੱਡਣ ਦੀ ਪ੍ਰਗਟਾਈ ਇੱਛਾ ਮਗਰੋਂ ਨਵੇਂ ਜ਼ਿਲ੍ਹਾ ਦਿਹਾਤੀ ਪ੍ਰਧਾਨ ਦੀ ਖੋਜ ਸ਼ੁਰੂ ਹੋਈ। ਇਹ ਵੀ ਚਰਚਾ ਹੋਈ ਕਿ ਦਿਹਾਤੀ ਪ੍ਰਧਾਨ ਕਿਸੇ ਨੌਜਵਾਨ ਦਲਿਤ ਚਿਹਰੇ ਨੂੰ ਬਣਾਇਆ ਜਾਵੇ। ਇਸ ’ਤੇ ਸਭ ਤੋਂ ਮੂਹਰੇ ਨਾਂ ਕਾਮਿਲ ਅਮਰ ਸਿੰਘ ਦਾ ਆਇਆ ਤੇ ਉਨ੍ਹਾਂ ਨੂੰ ਇਸ ਅਹੁਦੇ ਨਾਲ ਨਿਵਾਜੇ ਜਾਣ ਦੇ ਆਸਾਰ ਹਨ।
ਉਹ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੇ ਸਪੁੱਤਰ ਹਨ ਅਤੇ ਰਾਏਕੋਟ ਤੋਂ ਐਤਕੀਂ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜੇ ਹਨ। ਦੂਜਾ ਨਾਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਚੱਲਿਆ। ਇਕ ਦੋ ਨਾਂ ਹੋਰ ਵੀ ਵਿਚਾਰੇ ਗਏ ਪਰ ਮੋਹਰ ਮੂਹਰਲੇ ਦੋ ਨਾਂਵਾਂ ’ਚੋਂ ਹੀ ਕਿਸੇ ਇਕ ’ਤੇ ਲੱਗਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਸ਼ਹਿਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਹੁਦੇ ’ਤੇ ਬਣੇ ਰਹਿਣ ਦੇ ਚਾਹਵਾਨ ਹਨ ਪਰ ਉਨ੍ਹਾਂ ਦੀ ਥਾਂ ’ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੂੰ ਨਿਯੁਕਤ ਕਰਨ ’ਤੇ ਵੀ ਵਿਚਾਰਾਂ ਹੋ ਰਹੀਆਂ ਹਨ।