ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਸਤੰਬਰ
ਕਾਂਗਰਸ ਨੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਤੇ ਸਾਬਕਾ ਕੌਂਸਲਰ ਅਮਰ ਨਾਥ ਕਾਲਾ ਕਲਿਆਣ ਨੂੰ ਛੇ ਸਾਲ ਲਈ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੁੱਧਵਾਰ ਸ਼ਾਮ ਵੇਲੇ ਜਾਰੀ ਕੀਤੀ ਚਿੱਠੀ ਵਿੱਚ ਕਾਲਾ ਕਲਿਆਣ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਕਾਲਾ ਕਲਿਆਣ ਦੀ ਪਤਨੀ ਚਰਨਜੀਤ ਕੌਰ ਨਗਰ ਕੌਂਸਲ ਪ੍ਰਧਾਨ ਰਹਿ ਚੁੱਕੀ ਹੈ ਅਤੇ ਮੌਜੂਦਾ ਸਮੇਂ ਉਨ੍ਹਾਂ ਦੀ ਨੂੰਹ ਪਰਮਿੰਦਰ ਕੌਰ ਕੌਂਸਲਰ ਹੈ। ਪਿਛਲੇ ਦਿਨੀਂ ਆਪਣੇ ਵਾਰਡ ਵਿੱਚ ਖੜ੍ਹੇ ਦੂਸ਼ਿਤ ਪਾਣੀ ਤੇ ਇਸ ਦੀ ਨਿਕਾਸੀ ਨਾ ਹੋਣ ਨੂੰ ਮੁੱਦਾ ਬਣਾ ਕੇ ਕਾਲਾ ਕਲਿਆਣ ਨੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਬਾਰੇ ਵੀ ਕੁਝ ਅਪਸ਼ਬਦ ਬੋਲੇ ਸਨ। ਉਨ੍ਹਾਂ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪਾਈ ਸੀ ਅਤੇ ਸਮਝਿਆ ਜਾ ਰਿਹਾ ਹੈ ਕਿ ਇਸੇ ਨੂੰ ਆਧਾਰ ਬਣਾ ਕੇ ਕਾਲਾ ਕਲਿਆਣ ਨੂੰ ਕਾਂਗਰਸ ਵਿੱਚੋਂ ਕੱਢਿਆ ਗਿਆ ਹੈ। ਦੂਜੇ ਪਾਸੇ ਕਾਲਾ ਕਲਿਆਣ ਨੇ ਅਣਜਾਣਤਾ ਪ੍ਰਗਟਾਉਂਦਿਆਂ ਉਲਟਾ ਪੁੱਛਿਆ ਕਿ ਉਨ੍ਹਾਂ ਤੋਂ ਇਲਾਵਾ ਹੋਰ ਕਿਸ ਨੂੰ ਕੱਢਿਆ ਗਿਆ ਹੈ। ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਕਾਲਾ ਕਲਿਆਣ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਪੁਸ਼ਟੀ ਕੀਤੀ ਹੈ।