ਖੇਤਰੀ ਪ੍ਰਤੀਨਧ
ਲੁਧਿਆਣਾ, 9 ਅਕਤੂਬਰ
ਭਾਈ ਚਤਰ ਸਿੰਘ ਪਾਰਕ ’ਚ 200 ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੀ ਮੀਟਿੰਗ ਵਿੱਚ ਜ਼ਿਲ੍ਹਾ ਕਮੇਟੀਆਂ ਦੀ ਚੋਣ ਕੀਤੀ ਗਈ। ਨਵਜੀਵਨ ਸਿੰਘ ਨੇ ਦੱਸਿਆ ਕਿ ਆਗਾਮੀ ਦਿਨਾਂ ਵਿਚ ਹਰ ਬਲਾਕ ਪੱਧਰ ਤੇ ਯੂਨੀਅਨ ਦੇ ਵਰਕਰ ਆਪਣੀਆਂ ਮੰਗਾਂ ਸਬੰਧੀ ਮੰਤਰੀਆਂ ਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਣਗੇ।
ਅਲਤਾਫ਼ ਖ਼ਾਨ ਮਲੇਰਕੋਟਲਾ ਨੇ ਦੱਸਿਆ ਉਨ੍ਹਾਂ ਉਪਰ ਸਭ ਤੋਂ ਮਾੜਾ ਪੇਅ ਸਕੇਲ ਜੋ ਪੰਜਾਬ ਕਾਗਰਸ ਸਰਕਾਰ ਸਮੇਂ ਧੱਕੇ ਨਾਲ ਥੋਪਿਆ ਗਿਆ ਸੀ, ਰੱਦ ਕੀਤਾ ਜਾਵੇ। ‘ਆਪ’ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਪੰਜਾਬ ਦੇ ਸਾਰੇ ਕਰਮਚਾਰੀਆਂ ਨੂੰ ਛੇਵਾਂ ਪੇਅ ਸਕੇਲ ਦੇਵੇਗੀ। ਸੁਰਿੰਦਰ ਪਾਲ ਸਿੰਘ ਲੁਧਿਆਣਾ ਨੇ ਕਿਹਾ ਕਿ ਮੌਜੂਦਾ ਸਮੇਂ ਤਨਖ਼ਾਹ ਜੋ 21,700 ਹੈ, ਉਹ ਪੇਅ ਸਕੇਲ ਅਨੁਸਾਰ 29200 ਬਣਦੀ ਹੈ। ਇਹ ਤਨਖਾਹ ਮਲਟੀ ਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ ਉਪਰ ਲਾਗੂ ਕੀਤੀ ਜਾਵੇ। ਚੋਣਾਂ ਸਮੇਂ ‘ਆਪ’ ਨੇ ਪ੍ਰੋਬੇਸ਼ਨ ਪੀਰੀਅਡ ਤਿੰਨ ਸਾਲ ਤੋਂ ਘਟਾ ਕੇ ਇਕ ਸਾਲ ਕਰਨ ਅਤੇ ਬਰਾਬਰ ਕੰਮ, ਬਰਾਬਰ ਤਨਖਾਹ ਵਾਲਾ ਵਾਅਦਾ ਕੀਤਾ ਜੋ ਕਿ ਪਾਰਟੀ ਹੁਣ ਸਰਕਾਰ ਬਣਨ ਮਗਰੋਂ ਭੁਲ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਚੋਣ ਮੈਨੀਫੈਸਟੋ ਭੁੱਲ ਕੇ ਮੁਲਾਜ਼ਮਾਂ ਦਾ ਸੋਸ਼ਣ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਾਜਵਿੰਦਰ ਸਿੰਘ, ਮਨਪ੍ਰੀਤ ਸਿੰਘ, ਪਰਮਿੰਦਰ, ਹਰਜਿੰਦਰ ਫੌਜੀ, ਬੌਬੀ ਚਾਹਲ, ਅਮਰੀਕ ਅਲੀਸ਼ੇਰ, ਪਰਮਜੀਤ ਪੱਪੂ, ਤਰਸੇਮ, ਜਗਦੀਪ, ਹਰਦੀਪ, ਜਗਸੀਰ ਆਦਿ ਹਾਜ਼ਰ ਸਨ।