ਲੁਧਿਆਣਾ: ਇਥੇ ਬਾਲ ਭਲਾਈ ਕਮੇਟੀ ਵੱਲੋਂ ਪੰਜ ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ ਹਨ। ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਰੋਮਾਣਾ ਸੇਵਾਮੁਕਤ ਐੱਸਪੀ ਪੰਜਾਬ ਪੁਲੀਸ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਸਾਈਕਲ ਪ੍ਰਦਾਨ ਕੀਤੇ ਗਏ ਹਨ ਜੋ ਕਿ ਏਵਨ ਸਾਈਕਲ ਵੱਲੋਂ ਦਿੱਤੇ ਗਏ ਹਨ। ਸ੍ਰੀ ਰੋਮਾਣਾ ਨੇ ਏਵਨ ਸਾਈਕਲ ਦੇ ਸੀਐੱਮਡੀ ਓਂਕਾਰ ਸਿੰਘ ਪਾਹਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੰਪਨੀ ਵੱਲੋਂ ਪਹਿਲਾਂ ਵੀ ਸਮਾਜ ਭਲਾਈ ਦੇ ਕਾਰਜਾਂ ਵਿੱਚ ਭਰਪੂਰ ਮਦਦ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਏਵਨ ਸਾਈਕਲ ਵੱਲੋਂ ਹੋਮਗਾਰਡ ਦੇ 500 ਜਵਾਨਾਂ ਨੂੰ ਰਿਆਇਤੀ ਦਰਾਂ ਤੇ ਸਾਈਕਲ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਬਾਲ ਭਲਾਈ ਕਮੇਟੀ ਬੱਚਿਆਂ ਦੇ ਜੀਵਨ ਪੱਧਰ ਨੂੰ ਸੁਧਾਰਕੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਏਵਨ ਸਾਈਕਲ ਦੇ ਪ੍ਰਤੀਨਿਧਾਂ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ