ਲੁਧਿਆਣਾ (ਸਤਵਿੰਦਰ ਬਸਰਾ):ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਹੋਏ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਵਿੱਚ ਪੁਸਤਕਾਂ ਰਾਹੀਂ ਯੋਗਦਾਨ ਪਾ ਰਿਹਾ ਹੈ। ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੀ ਲੁਧਿਆਣਾ, ਪੱਖੋਵਾਲ ਅਤੇ ਕੈਲਾਗਰੀ ਬ੍ਰਾਂਚ ਵੱਲੋਂ ਕੈਨੇਡਾ, ਪੰਜਾਬ ਦੇ ਪਬਲੀਸ਼ਰਾਂ, ਲੇਖਕਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਦਿੱਲੀ ਦੇ ਬਾਰਡਰਾਂ ’ਤੇ ਮਿੰਨੀ ਤੇ ਵੱਡੀਆਂ ਲਾਇਬ੍ਰੇਰੀਆਂ ਲਈ ਅਤੇ ਲੰਗਰ ਦੇ ਰੂਪ ਵਿੱਚ ਵੰਡਣ ਲਈ 10 ਲੱਖ ਦੀਆਂ ਕਿਤਾਬਾਂ ਭੇਜੀਆਂ ਜਾ ਚੁੱਕੀਆਂ ਹਨ। ਸ਼ਹੀਦ ਭਗਤ ਸਿੰਘ ਬੁੁੱਕ ਸੈਂਟਰ ਦੇ ਨੁਮਾਇੰਦਿਆਂ ਹਰੀਸ਼ ਮੋਦਗਿੱਲ ਅਤੇ ਭਜਨ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਸੰਘਰਸ਼ ਵਿਚ ਪਹੁੰਚੇ ਕਿਸਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਕਈ ਪਬਲੀਸ਼ਰਾਂ, ਲੇਖਕਾਂ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਸਹਿਯੋਗ ਮਿਲਿਆ ਹੈ। ਉਨ੍ਹਾਂ ਵੱਲੋਂ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ’ਤੇ (ਬੀਬੀ ਗੁਲਾਬ ਕੌਰ ਨਗਰ) ਵਿੱਚ ਮਿੰਨੀ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਹੋਈਆਂ ਹਨ ਜਿੱਥੇ ਰੋਜ਼ਾਨਾਂ ਕਿਸਾਨ ਕਿਤਾਬਾਂ ਪੜ੍ਹਨ ਆ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਲੰਗਰ ਦੇ ਰੂਪ ਵਿੱਚ ਵੀ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਨੇੜੇ ਦੀਆਂ ਲਾਇਬ੍ਰੇਰੀਆਂ ਵਿੱਚ 10-10 ਹਜ਼ਾਰ ਰੁਪਏ ਦੀਆਂ ਕਿਤਾਬਾਂ ਦਾ 1-1 ਸੈੱਟ ਵੀ ਦਿੱਤਾ ਜਾ ਰਿਹਾ ਹੈ। ਲਾਇਬ੍ਰੇਰੀਆਂ ’ਤੇ ਇੰਦਰਜੀਤ ਸਮੇਤ 7 ਦੇ ਕਰੀਬ ਵਾਲੰਟੀਅਰ ਲੱਗੇ ਹੋਏ ਹਨ।
ਨੌਦੀਪ ਦੀ ਰਿਹਾਈ ਲਈ ਮਜ਼ਦੂਰਾਂ ਨੇ ਖੱਟਰ ਦਾ ਪੁਤਲਾ ਸਾੜਿਆ
ਜਗਰਾਉਂ (ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਸਾੜ ਕੇ ਮਜ਼ਦੂਰ ਆਗੂ ਨੌਦੀਪ ਦੀ ਤੁਰੰਤ ਰਿਹਾਈ ਮੰਗੀ ਗਈ। ਮਜ਼ਦੂਰ ਆਗੂ ਅਵਤਾਰ ਰਸੂਲਪੁਰ, ਤਰਲੋਚਨ ਝੋਰੜਾਂ ਨੇ ਖੱਟਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਫਾਸ਼ੀਵਾਦ ਹਕੂਮਤਾਂ ਦੇ ਰਾਜ ਵਿੱਚ ਲੋਕ ਪੱਖੀ ਗੱਲ ਕਰਨੀ ਗੁਨਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਦੇ ਹਰ ਵਰਗ ਉਪਰ ਦੇਸ਼ ਧਰੋਹ ਦਾ ਲੇਬਲ ਲਗਾ ਕੇ ਆਪ ਦੇਸ਼ ਦੇ ਕਾਨੂੰਨ ਸਵਿਧਾਨ ਦੀਆਂ ਧੱਜੀਆਂ ਉਡਾਉਣ ਅਤੇ ਮਨੁੱਖੀ ਅਧਿਕਾਰਾਂ ਨੂੰ ਲੀਰੋ ਲੀਰ ਕਰਨ ਦੀ ਕਸਰ ਬਾਕੀ ਨਹੀਂ ਛੱਡੀ। ਮਜ਼ਦੂਰਾਂ ਨੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਅਜਿਹਾ ਜਬਰ ਬਹੁਤੀ ਦੇਰ ਨਹੀਂ ਚੱਲੇਗਾ ।