ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 1 ਮਈ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮੁੱਲਾਂਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਚੈਰੀਟੇਬਲ ਟਰੱਸਟ ਗੁਰਮਤਿ ਭਵਨ ਵੱਲੋਂ ਲੋੜਵੰਦ ਅਪੰਗ ਵਿਅਕਤੀਆਂ ਨੂੰ 25 ਟਰਾਈ ਸਾਈਕਲ, 60 ਸੁਣਨ ਵਾਲੀਆਂ ਮਸ਼ੀਨਾਂ ਅਤੇ 85 ਅੰਗਹੀਣ ਵਿਅਕਤੀਆਂ ਨੂੰ ਨਕਲੀ ਲੱਤਾਂ, ਬਾਂਹਾਂ ਅਤੇ ਹੋਰ ਬਨਾਵਟੀ ਅੰਗ ਵੰਡੇ ਗਏ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇ.ਐੱਨਐੱਸ ਕੰਗ ਅਤੇ ਅਮਨਦੀਪ ਸਿੰਘ ਮੋਹੀ ਵੀ ਇਸ ਮੌਕੇ ਹਾਜ਼ਰ ਸਨ। ਡਾ. ਬਲਜੀਤ ਕੌਰ ਨੇ ਸੰਸਥਾ ਵੱਲੋਂ ਲੰਮੇ ਸਮੇਂ ਤੋਂ ਸਿਹਤ, ਵਿੱਦਿਆ ਅਤੇ ਹੋਰ ਸਮਾਜ ਭਲਾਈ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਗੁਰੂ ਨਾਨਕ ਚੈਰੀਟੇਬਲ ਟਰੱਸਟ ਗੁਰਮਤਿ ਭਵਨ ਵੱਲੋਂ ਅੱਖਾਂ ਦੇ ਮੁਫ਼ਤ ਕੈਂਪ, ਅਪੰਗ ਸਹਾਇਤਾ ਕੈਂਪ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ, ਝੁੱਗੀ ਝੌਂਪੜੀ ਵਾਲੇ ਬੱਚਿਆਂ ਲਈ ਮੁਫ਼ਤ ਸਕੂਲ, ਲੋੜਵੰਦ ਬੱਚੀਆਂ ਲਈ ਸਿਲਾਈ ਸੈਂਟਰ, ਕੰਪਿਊਟਰ ਸਿਖਲਾਈ ਸੈਂਟਰ, ਮੁਫ਼ਤ ਡਿਸਪੈਂਸਰੀ ਸਮੇਤ ਹੋਰ ਮਹੱਤਵਪੂਰਨ ਕੰਮਾਂ ਦਾ ਨਿਰੀਖਣ ਕਰਨ ਸਮੇਂ ਡਾਕਟਰ ਬਲਜੀਤ ਕੌਰ ਨੇ ਸੰਸਥਾ ਦੀ ਰੱਜ ਕੇ ਤਾਰੀਫ਼ ਕੀਤੀ। ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਅਤੇ ਸੇਵਾਦਾਰਾਂ ਵੱਲੋਂ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ।