ਪੱਤਰ ਪ੍ਰੇਰਕ
ਸਮਰਾਲਾ, 11 ਨਵੰਬਰ
ਨੇੜਲੇ ਪਿੰਡ ਬੌਂਦਲੀ ਵਿੱਚ ਅਣਪਛਾਤੇ ਸ਼ਰਾਰਤੀ ਅਨਸਰ ਨੇ ਲੱਖ ਦਾਤਾ ਪੀਰ ਦੀ ਦਰਗਾਹ ਵਿਖੇ ਸਥਾਪਤ ਭਗਵਾਨ ਹਨੂੰਮਾਨ ਅਤੇ ਬਾਬਾ ਭੈਰੋਂ ਨਾਥ ਦੀਆਂ ਮੂਰਤੀਆਂ ਦੀ ਬੇਅਦਬੀ ਕਰਦੇ ਹੋਏ, ਇਨ੍ਹਾਂ ਨੂੰ ਖੰਡਿਤ ਕਰ ਦਿੱਤਾ ਹੈ। ਇਸ ਮੰਦਭਾਗੀ ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਅਤੇ ਆਸ-ਪਾਸ ਦੇ ਲੋਕ ਇਸ ਪਵਿੱਤਰ ਅਸਥਾਨ ’ਤੇ ਇੱਕਠੇ ਹੋਣੇ ਸ਼ੁਰੂ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ.ਐੱਚ.ਓ. ਸਮਰਾਲਾ ਪ੍ਰਕਾਸ਼ ਮਸੀਹ ਵੀ ਪੁਲੀਸ ਫੋਰਸ ਨਾਲ ਮੌਕੇ ਉੱਤੇ ਪਹੁੰਚੇ ਅਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲੀਸ ਵੱਲੋਂ ਲਈ ਗਈ। ਉੱਥੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦਰਗਾਹ ਦੀ ਪੂਰੇ ਇਲਾਕੇ ਵਿੱਚ ਬਹੁਤ ਮਾਨਤਾ ਹੈ ਅਤੇ ਸਾਰੇ ਧਰਮਾਂ ਦੇ ਲੋਕ ਇਥੇ ਸੇਵਾ ਅਤੇ ਨਤਮਸਤਕ ਹੋਣ ਲਈ ਆਉਂਦੇ ਹਨ। ਕਈ ਦਹਾਕਿਆਂ ਤੋਂ ਇਸ ਅਸਥਾਨ ਉੱਤੇ ਹਿੰਦੂ ਧਰਮ ਨਾਲ ਸਬੰਧਤ ਭਗਵਾਨ ਹਨੂੰਮਾਨ ਅਤੇ ਬਾਬਾ ਭੈਰੋ ਨਾਥ ਦੀਆਂ ਮੂਰਤੀਆਂ ਨੂੰ ਸਥਾਪਤ ਕੀਤਾ ਹੋਇਆ ਹੈ ਅਤੇ ਹਰ ਰੋਜ਼ ਇਨ੍ਹਾਂ ਦੀ ਅਰਾਧਨਾ ਵੀ ਹੁੰਦੀ ਹੈ। ਇਸ ਅਸਥਾਨ ਦੀ ਦੇਖ-ਰੇਖ ਲਈ ਪਿੰਡ ਵਾਸੀਆਂ ਦੀ ਕਮੇਟੀ ਬਣੀ ਹੋਈ ਹੈ ਅਤੇ ਹਰ ਸਾਲ ਇੱਥੇ ਸ਼ਰਧਾਲੂਆਂ ਦਾ ਵੱਡਾ ਮੇਲਾ ਵੀ ਜੁਟਦਾ ਹੈ। ਅੱਜ ਸਵੇਰੇ 5 ਵਜੇ ਜਦੋਂ ਕੁਝ ਸੇਵਾਦਾਰ ਇਸ ਅਸਥਾਨ ਉੱਤੇ ਹਰ ਰੋਜ਼ ਦੀ ਤਰ੍ਹਾਂ ਸੇਵਾ ਲਈ ਪੁੱਜੇ ਤਾਂ ਇਸ ਘਟਨਾ ਦਾ ਪਤਾ ਲੱਗਾ। ਉਧਰ ਪੁਲੀਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਸ਼ਰਾਰਤੀ ਅਨਸਰਾਂ ਬਾਰੇ ਪਤਾ ਲਗਾਉਣ ਵਿੱਚ ਜੁੱਟ ਗਿਆ ਹੈ।