ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਫਰਵਰੀ
ਸਿਵਲ ਹਸਪਤਾਲ ਨੂੰ ਲਗਪਗ ਸੱਤ ਮਹੀਨੇ ਪਹਿਲਾਂ ਦਾਨ ਕੀਤਾ ਸਾਮਾਨ ਅਣਵਰਤਿਆ ਪਿਆ ਰਹਿਣ ’ਤੇ ਸਮਾਜਸੇਵੀ ਔਰਤ ਅੱਜ ਵ੍ਹੀਲ ਚੇਅਰ ਤੇ ਹੋਰ ਸਾਮਾਨ ਚੁੱਕ ਕੇ ਲੈ ਗਈ। ਔਰਤ ਨੇ ਦੋਸ਼ ਲਗਾਏ ਕਿ ਉਸ ਨੇ ਗਰੀਬਾਂ ਦੇ ਇਲਾਜ ਲਈ 7 ਸਟਰੈਚਰ ਅਤੇ 6 ਵੀਲ੍ਹ ਚੇਅਰਜ਼ ਦਿੱਤੀਆਂ ਸਨ ਪਰ ਹਸਪਤਾਲ ਪ੍ਰਸਾਸ਼ਨ ਨੇ ਉਹ ਸਾਮਾਨ ਵਰਤਣ ਦੀ ਜਗ੍ਹਾ ਇੱਕ ਪਾਸੇ ਰਖਵਾ ਦਿੱਤਾ। ਜਦੋਂ ਉਸ ਨੇ ਐੱਸਐੱਮਓ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਸਹੀ ਤਰੀਕੇ ਜਵਾਬ ਨਹੀਂ ਮਿਲਿਆ, ਜਿਸ ਕਰਕੇ ਉਹ ਅੱਜ ਹਸਪਤਾਲ ਤੋਂ ਸਾਰਾ ਸਾਮਾਨ ਵਾਪਸ ਲੈ ਗਈ।
ਜ਼ਿਕਰਯੋਗ ਹੈ ਕਿ ਔਰਤ ਵੱਲੋਂ ਦਾਨ ਕੀਤਾ ਗਿਆ ਸਾਮਾਨ ਵਰਤਣ ਦੀ ਜਗ੍ਹਾ ਹਸਪਤਾਲ ਪ੍ਰਸ਼ਾਸਨ ਐਮਰਜੈਂਸੀ ਅਤੇ ਵਾਰਡਾਂ ’ਚ ਪੁਰਾਣਾ ਟੁੱਟਿਆ ਸਾਮਾਨ ਹੀ ਵਰਤਿਆ ਜਾ ਰਿਹਾ ਹੈ। ਔਰਤ ਨੇ ਕਿਹਾ ਕਿ ਇਹ ਸਾਮਾਨ ਕਿਸੇ ਹੋਰ ਜਗ੍ਹਾ ਦਿੱਤਾ ਜਾਵੇਗਾ ਤਾਂ ਜੋ ਇਸ ਦੀ ਸਹੀ ਵਰਤੋਂ ਹੋ ਸਕੇ। ਚੰਡੀਗੜ੍ਹ ਰੋਡ ਸਥਿਤ ਸੈਕਟਰ-39 ਦੀ ਰਹਿਣ ਵਾਲੀ ਰੇਖਾ ਗੋਇਲ ਨੇ ਦੱਸਿਆ ਕਿ ਉਹ ਅਕਸਰ ਲੋੜਵੰਦਾਂ ਲਈ ਸਾਮਾਨ ਦਾਨ ਕਰਦੀ ਰਹਿੰਦੀ ਹੈ। ਉਸ ਨੇ ਪਹਿਲਾਂ ਵੀ ਕਈ ਵਾਰ ਸਿਵਲ ਹਸਪਤਾਲ ’ਚ ਸਾਮਾਨ ਦਾਨ ਕੀਤਾ ਹੈ। ਹਸਪਤਾਲ ਦੀ ਮੰਗ ਅਨੁਸਾਰ ਉਸ ਨੇ 21 ਅਕਤੂਬਰ ਨੂੰ 7 ਸਟਰੈਚਰ ਤੇ 6 ਵੀਲ੍ਹ ਚੇਅਰ ਦਿੱਤੀਆਂ ਸਨ ਪਰ ਪ੍ਰਸ਼ਾਸਨ ਨੇ ਇਹ ਸਾਮਾਨ ਬੰਨ੍ਹ ਕੇ ਪਾਸੇ ਰੱਖ ਦਿੱਤਾ। ਇਸ ਲਈ ਅੱਜ ਉਹ ਆਪਣਾ ਸਾਮਾਨ ਵਾਪਸ ਲਿਜਾ ਰਹੀ ਹੈ। ਉਹ ਹੁਣ ਇਹ ਸਾਮਾਨ ਕਿਸੇ ਹੋਰ ਜਗ੍ਹਾ ਦਾਨ ਕਰੇਗੀ, ਜਿੱਥੇ ਇਸ ਦੀ ਸਹੀ ਵਰਤੋਂ ਹੋ ਸਕੇ। ਰੇਖਾ ਨੇ ਦੱਸਿਆ ਕਿ ਹਸਪਤਾਲ ਵਿਚ ਐਮਰਜੈਂਸੀ ਵਾਰਡਾਂ ’ਚ ਮਰੀਜ਼ਾਂ ਲਈ ਟੁੱਟਿਆ ਸਾਮਾਨ ਵਰਤਿਆ ਜਾ ਰਿਹਾ ਹੈ। ਦਾਨ ਤੋਂ ਇਲਾਵਾ ਵੀ ਹਸਪਤਾਲ ਨੂੰ ਨਵੇਂ ਸਟਰੈਚਰ ਮਿਲੇ ਹਨ, ਜੋ ਕਿ ਵਰਤੋਂ ’ਚ ਨਹੀਂ ਲਿਆਂਦੇ ਜਾ ਰਹੇ।