ਦੇਵਿੰਦਰ ਸਿੰਘ ਜੱਗੀ
ਪਾਇਲ, 4 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਲੈਹਿਲ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਣੀ ਦੇ ਪੱਧਰ ਦਾ ਹੇਠਾਂ ਜਾਣਾ ਅਤੇ ਬਿਜਲੀ ਸੰਕਟ ਸਬੰਧੀ ਵਿਚਾਰ ਵਟਾਦਾਰਾਂ ਕੀਤਾ ਗਿਆ। ਮੀਟਿੰਗ ਵਿੱਚ ਮਾਸਟਰ ਰਾਜਿੰਦਰ ਸਿੰਘ ਸਿਆੜ੍ਹ, ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਗੁਰਦੀਪ ਸਿੰਘ ਜੀਰਖ ਨੇ ਦੱਸਿਆ ਕਿ ਹਰਾ ਇਨਕਲਾਬ ਲਿਆਉਣ ਤੋਂ ਪਹਿਲਾਂ ਸਿੱਧ ਪੱਧਰੀ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਕਿਸਾਨਾਂ ਨੂੰ ਕੋਈ ਮਸ਼ੀਨਰੀ ਰੇਹਾਂ, ਸਪਰੇਆਂ ਅਤੇ ਜ਼ਿਆਦਾ ਪਾਣੀ ਦੀ ਲੋੜ ਨਹੀਂ ਸੀ ਹੁੰਦੀ ਤੇ ਸਾਰੀਆਂ ਹੀ ਫਸਲਾਂ ਦੀ ਪੈਦਾਵਾਰ ਕੀਤੀ ਜਾਂਦੀ ਸੀ। ਫਿਰ ਅਮਰੀਕੀ ਖੇਤੀ ਮਾਡਲ ਲਿਆ ਕੇ ਇੱਥੇ ਮਸ਼ੀਨਰੀ ਰੇਹਾਂ, ਸਪਰੇਆਂ ਲਿਆ ਕੇ ਸਾਡੇ ਵਾਤਾਵਰਣ ਨੂੰ ਵੀ ਪਲੀਤ ਕੀਤਾ ਗਿਆ ਅਤੇ ਕਾਰਪੋਰੇਟਾਂ ਵੱਲੋਂ ਆਪਣਾ ਸਾਮਾਨ ਵਸਤੂਆਂ ਵੇਚ ਕੇ ਆਪ ਮਾਲੋ ਮਾਲ ਹੋਏ ਅਤੇ ਪਾਣੀ ਦਾ ਪੱਧਰ ਡੇਗ ਦਿੱਤਾ ਤੇ ਪ੍ਰਦੂਸ਼ਿਤ ਕਰਦੇ ਰਹੇ। ਕਣਕ ਝੋਨੇ ਦੇ ਚੱਕਰ ਵਿੱਚ ਪਾ ਕੇ ਸਭ ਦੂਸਰੀਆਂ ਫ਼ਸਲਾਂ ਤੋਂ ਕਿਨਾਰਾ ਕਰਨ ਲਈ ਇਨ੍ਹਾਂ ਸਰਕਾਰਾਂ ਨੇ ਵੱਡਾ ਰੋਲ ਨਿਭਾਇਆ। ਆਗੂਆਂ ਮੰਗ ਕੀਤੀ ਕਿ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬੇਅਰਥ ਜਾ ਰਹੇ ਪਾਣੀ ਨੂੰ ਦਰਿਆਵਾਂ ਨਹਿਰਾਂ ਡਰੇਨਾਂ ਵਿਚ ਰੀਚਾਰਜ ਕੀਤਾ ਜਾਵੇ, ਵਰਖਾ ਦੇ ਪਾਣੀ ਨੂੰ ਟੋਭਿਆਂ ਰਾਹੀਂ ਰੀਚਾਰਜ ਕਰਕੇ ਵਰਤੋਂ ਵਿੱਚ ਲਿਆਂਦਾ ਜਾਵੇ, ਫ਼ਸਲਾਂ ਦੀ ਵੰਨ ਸੁਵੰਨਤਾ ਲਈ ਸਾਰੀਆਂ ਫ਼ਸਲਾਂ ਦੇ ਐੱਮਐੱਸਪੀ ਦੀ ਗਾਰੰਟੀ ਕੀਤੀ ਜਾਵੇ। 6 ਤੋਂ 10 ਜੂਨ ਤੱਕ ਪਿੰਡ ਦੀਆਂ ਟੈਂਕੀਆਂ ਤੇ ਸਾਂਝੀਆਂ ਥਾਵਾਂ ’ਤੇ ਵੀ ਧਰਨੇ ਦਿੱਤੇ ਜਾਣਗੇ। ਇਸ ਮੌਕੇ ਹਰਪ੍ਰੀਤ ਸਿੰਘ, ਕਮਲਜੀਤ ਸਿੰਘ, ਹਰਪਾਲ ਸਿੰਘ, ਬੁੱਧ ਸਿੰਘ, ਜਸਪ੍ਰੀਤ ਸਿੰਘ, ਟਹਿਲ ਸਿੰਘ, ਬੂਟਾ ਮੁਹੰਮਦ, ਮੋਹਣ ਸਿੰਘ ਤੇ ਹਰਜਿੰਦਰ ਸਿੰਘ ਲੰਬੜਦਾਰ ਵੀ ਸ਼ਾਮਲ ਸਨ।