ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ‘ਗਰੀਨ ਐਂਡ ਕਲੀਨ ਪੀਏਯੂ ਕੈਂਪਸ’ ਮੁਹਿੰਮ ਤਹਿਤ ਸੁੰਦਰੀਕਰਨ ਸਬੰਧੀ ਵਿਚਾਰ-ਵਟਾਂਦਰਾ ਸੈਸ਼ਨ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਇਸ ਵਿੱਚ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। ਜ਼ਿਲ੍ਹਾ ਪਸਾਰ ਮਾਹਿਰ (ਮੁਹਾਲੀ) ਡਾ. ਨਵਤੇਜ ਸਿੰਘ ਬੈਂਸ ਨੇ ਯੂਨੀਵਰਸਿਟੀ ਵਿੱਚ ਵੱਖ-ਵੱਖ ਖੇਤਰਾਂ ਦੀ ਲੈਂਡਸਕੇਪਿੰਗ ਬਾਰੇ ਇੱਕ ਵਿਸਤ੍ਰਿਤ ਰੂਪ ਰੇਖਾ ਪੇਸ਼ ਕੀਤੀ। ਉਨ੍ਹਾਂ ਪੌਦੇ ਲਗਾਉਣ, ਜਲ ਸਰੋਤਾਂ, ਸੜਕਾਂ, ਫੂਡ ਕੋਰਟ, ਡਰੇਨੇਜ ਸਿਸਟਮ ਆਦਿ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪੀਏਯੂ ਦੇ ਮੌਜੂਦਾ ਰੁੱਖਾਂ, ਬੂਟਿਆਂ ਦੇ ਨਾਲ ਨਵੇਂ ਢਾਂਚੇ ਨੂੰ ਮਿਲਾ ਕੇ ਨਵੀਨ ਦਿੱਖ ਪ੍ਰਦਾਨ ਕੀਤੀ ਜਾਵੇਗੀ। ਡਾ. ਬੈਂਸ ਨੇ ਦੱਸਿਆ ਕਿ ਆਬਾਦੀ ਦੇ ਹਿਸਾਬ ਨਾਲ ਪਾਰਕਿੰਗ ਸਥਾਨਾਂ ਅਤੇ ਆਵਾਜਾਈ ਤਰੀਕਿਆਂ ਦਾ ਡਿਜ਼ਾਈਨ ਵੀ ਕੀਤਾ ਜਾ ਰਿਹਾ ਹੈ। ਪੇਸ਼ਕਾਰੀ ਦੇ ਬਾਅਦ ਇਸ ਬਾਰੇ ਵਿਸਥਾਰ ਨਾਲ ਚਰਚਾ ਹੋਈ । ਵਾਈਸ ਚਾਂਸਲਰ ਡਾ. ਗੋਸਲ ਨੇ ਇਸ ਰੂਪਰੇਖਾ ਦੀ ਸ਼ਲਾਘਾ ਕੀਤੀ । ਅਗਲੀ ਇਕੱਤਰਤਾ ਲਈ ਹੋਰ ਸੁਝਾਅ ਅਤੇ ਵਿਚਾਰ ਦਿੱਤੇ ਗਏ ।