ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਗਸਤ
ਸਥਾਨਕ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੇਜਰ ਹਰਬੰਸ ਸਿੰਘ ਦੀਆਂ ਚਾਰ ਪੁਸਤਕਾਂ ‘ਗੁਰਬਾਣੀ ਵਿੱਚ ਮਿਥਹਾਸਕ/ ਇਤਿਹਾਸਕ ਹਵਾਲੇ’ ਤੇ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਡਾ. ਗੁਰਦੇਵ ਸਿੰਘ ਸਿੱਧੂ ਨੇ ਕੀਤੀ ਜਦਕਿ ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਦੇ ਡਾਇਰੈਕਟਰ ਇੰਦਰਪਾਲ ਸਿੰਘ ਅਤੇ ਜੀਐਜੀ ਖਾਲਸਾ ਕਾਲਜ ਦੇ ਪ੍ਰੋਫੈਸਰ ਡਾ. ਬਲਵਿੰਦਰਪਾਲ ਸਿੰਘ ਨੇ ਬੁਲਾਰਿਆਂ ਵਜੋਂ ਹਾਜ਼ਰੀ ਲਗਵਾਈ। ਕਾਲਜ ਕੌਂਸਲ ਦੇ ਪ੍ਰਧਾਨ ਡਾ. ਐਸਪੀ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਲੇਖਕ ਬਾਰੇ ਜਾਣ-ਪਛਾਣ ਕਰਵਾਈ।
ਇੰਦਰਪਾਲ ਸਿੰਘ ਨੇ ਕਿਹਾ ਕਿ ਚਾਰ ਭਾਗਾਂ ’ਚ ਛਾਪੀ ਗਈ ਉਕਤ ਪੁਸਤਕ ਉਸ ਪਾਠਕ ਲਈ ਲਾਹੇਵੰਦ ਹੋਵੇਗੀ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ ਹੈ। ਇਤਿਹਾਸ ਅਤੇ ਮਿਥਿਹਾਸ ਵਿੱਚ ਅੰਤਰ ਨਿਖੇੜ ਕਰਨ ਵਿੱਚ ਉਨ੍ਹਾਂ ਹਵਾਲਿਆਂ ਨੂੰ ਸਮੇਂ ਤੇ ਸਥਾਨ ਦੇ ਪ੍ਰਸੰਗ ਵਿੱਚ ਸਮਝਣ ਲਈ ਵੀ ਸਹਾਇਕ ਹੋਵੇਗੀ। ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲੇਖਕ ਨੇ ਵੱਖ ਵੱਖ ਵਰਗਾਂ ਵਿੱਚ ਇਤਿਹਾਸਕ/ ਮਿਥਿਹਾਸਕ ਹਵਾਲਿਆਂ ਨੂੰ ਰੱਖ ਕੇ ਉਨ੍ਹਾਂ ਦਾ ਅਧਿਐਨ/ਵਿਸ਼ਲੇਸ਼ਣ ਕੀਤਾ ਹੈ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਸਿੱਧੂ ਨੇ ਦੱਸਿਆ ਕਿ ਲੇਖਕ ਦੇ ਪੁਰਖੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਸੈਨਾ ਵਿਚ ਸਨ। ਲੇਖਕ ਹਰਬੰਸ ਸਿੰਘ ਨੇ ਪੁਸਤਕਾਂ ਦੀ ਸਿਰਜਣਾ ਦੇ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਮੌਕੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।