ਸਤਵਿੰਦਰ ਬਸਰਾ
ਲੁਧਿਆਣਾ, 29 ਅਪਰੈਲ
ਸਥਾਨਕ ਲੋਕਾਂ ਨੂੰ ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਪਾਣੀ ਦੇ ਸਰੋਤਾਂ ਨੂੰ ਬਚਾਉਣ ਲਈ ਪਬਲਿਕ ਐਕਸ਼ਨ ਕਮੇਟੀ ਅਤੇ ਬੁੱਢਾ ਦਰਿਆ ਐਕਸ਼ਨ ਫਰੰਟ ਦੇ ਨੁਮਾਇੰਦਿਆਂ ਦੀ ਟੀਮ ‘ਪਾਣੀਆਂ ਦੇ ਹਾਣੀ’ ਵੱਲੋਂ ਸਥਾਨਕ ਬੀਆਰਐੱਸ ਨਗਰ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਸੰਗਤਾਂ ਨਾਲ ‘ਪ੍ਰਦੂਸ਼ਣ’ ਸਬੰਧੀ ਵਿਚਾਰ ਸਾਂਝੇ ਕੀਤੇ। ਇਨ੍ਹਾਂ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਧਰਤੀ ਹੇਠਲਾ ਪਾਣੀ ਹੌਲੀ ਹੌਲੀ ਨੀਵਾਂ ਹੁੰਦਾ ਜਾ ਰਿਹਾ ਹੈ। ਸਤਲੁਜ ਅਤੇ ਬੁੱਢਾ ਦਰਿਆ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਤਾਂ ਹੀ ਸਫ਼ਲ ਹੋ ਸਕਦੀ ਹੈ ਜੇਕਰ ਸਮਾਜ ਸੇਵੀ, ਵਾਤਾਵਰਨ ਪ੍ਰੇਮੀ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਇੱਕ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ,‘‘ਪ੍ਰਦੂਸ਼ਿਤ ਹੋ ਰਿਹਾ ਪਾਣੀ ਅਤੇ ਹਵਾ ਨਾ ਸਿਰਫ ਸਾਡੇ ਸਾਰਿਆਂ ਲਈ ਹਾਨੀਕਾਰਕ ਹੈ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਲਈ ਵੀ ਖਤਰਾ ਹੈ।’’ ਇਸ ਦੌਰਾਨ ਉੱਘੇ ਸਮਾਜਿਕ ਕਾਰਕੁਨ ਦਾਨ ਸਿੰਘ ਨੇ ਮੁਹਿੰਮ ਦੀ ਅਗਵਾਈ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਧਾਰਮਿਕ ਆਗੂਆਂ ਅਤੇ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਜਥੇਬੰਦੀ ਵੱਲੋਂ ਮਹਿੰਦਰ ਸਿੰਘ ਸੇਖੋਂ, ਰਾਜ ਕੌਰ ਸੇਖੋਂ, ਡਾ. ਵੀਪੀ ਮਿਸ਼ਰਾ, ਵਕੀਲ ਯੋਗੇਸ਼ ਖੰਨਾ, ਸੁਖਪ੍ਰੀਤ ਸਿੰਘ ਤੱਖਰ, ਮਨਜਿੰਦਰ ਸਿੰਘ ਅਤੇ ਕਰਨਲ ਸੀਐੱਮ ਲਖਨਪਾਲ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਨੇ ਟੀਮ ਦੇ ਨੁਮਾਇੰਦਿਆਂ ਤੋਂ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਮਝਣ ਲਈ ਆਪਣੀਆਂ ਚਿੰਤਾਵਾਂ ਨੂੰ ਦਰਸਾਇਆ ਅਤੇ ਆਪਣੇ ਭਾਸ਼ਣ ਦੌਰਾਨ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ।