ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਅਗਸਤ
ਡਾਕਟਰ ਅੰਬੇਡਕਰ ਸੰਘ ਪੰਜਾਬ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸੋਹਣ ਸਿੰਘ ਖੋਖਰ ਦੇ ਘਰ ਚੇਅਰਮੈਨ ਸ਼ੇਰ ਸਿੰਘ ਛਿੱਬਰ ਰਿਟਾਇਰਡ ਬੀਈਪੀਓ ਦੀ ਅਗਵਾਈ ਹੇਠ ਹੋਈ। ਇਸ ਮੌਕੇ ਐੱਸਸੀ ਅਤੇ ਬੀਸੀ ਵਰਗ ਨਾਲ ਸਬੰਧਤ ਮੰਗਾਂ ਦੇ ਹੱਲ ਲਈ ਦੋਵਾਂ ਵਰਗਾਂ ਦੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਲਈ ਜ਼ੋਰ ਪਾਉਣ ਦਾ ਫ਼ੈਸਲਾ ਕੀਤਾ ਗਿਆ।
ਸੰਘ ਦੇ ਜਨਰਲ ਸਕੱਤਰ ਮਾਸਟਰ ਵੀਰ ਸਿੰਘ ਸੰਗੋਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੱਛੜੇ ਵਰਗਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਵਿੱਚ 85ਵੀਂ ਸੰਵਿਧਾਨਿਕ ਸੋਧ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਪੰਚਾਇਤੀ (ਸਰਕਾਰੀ) ਜ਼ਮੀਨਾਂ ਅਤੇ ਲਾਲ ਲਕੀਰ ਵਾਲੀਆਂ ਰਿਹਾਇਸ਼ੀ ਥਾਵਾਂ ਉੱਤੇ ਕਾਬਜ਼ ਐਸਸੀ/ਬੀਸੀ ਵਰਗ ਨੂੰ ਇਨ੍ਹਾਂ ਜ਼ਮੀਨਾਂ ਦੇ ਮਾਲਕੀ ਹੱਕ ਦੇਣ, ਪੰਜਾਬ ਸਰਕਾਰ ਵੱਲੋਂ ਧਨਾਢ ਲੋਕਾਂ ਤੋਂ ਕਬਜਾ ਮੁਕਤ ਕਰਵਾਈਆਂ ਜਾ ਰਹੀਆਂ ਜ਼ਮੀਨਾਂ ਐਸਸੀ/ ਬੀਸੀ ਵਰਗ ਦੇ ਬੇਜ਼ਮੀਨੇ ਲੋਕਾਂ ਨੂੰ ਵੰਡਣ, ਚੋਣ ਵਾਅਦਿਆਂ ਮੁਤਾਬਿਕ ਬੇਘਰਿਆਂ ਨੂੰ ਘੱਟੋ-ਘੱਟ 5-5 ਮਰਲੇ ਦੇ ਪਲਾਟ ਦੇਕੇ ਉਨ੍ਹਾਂ ਉੱਤੇ ਘਰ ਬਣਾਉਣ ਲਈ ਆਰਥਿਕ ਮਦਦ ਦੇਣ, ਪੋਸਟ ਮੈਟਰਿਕ ਸ਼ਕਾਲਰਸ਼ਿਪ ਤਹਿਤ ਰਹਿੰਦੀ ਰਕਮ ਤੁਰੰਤ ਜਾਰੀ ਕਰਨ, ਬਕਾਇਆ ਫੀਸਾਂ ਕਾਰਨ ਵਿੱਦਿਅਕ ਅਦਾਰਿਆਂ ਵੱਲੋਂ ਵਿੱਦਿਆਰਥੀਆਂ ਦੇ ਰੋਕੇ ਸਰਟੀਫਿਕੇਟ ਜਾਰੀ ਕਰਨ, ਮੁਹੱਲਾ ਕਲੀਨਿਕਾਂ ਵਿੱਚ ਭਰਤੀ ਕੀਤੇ ਜਾ ਰਹੇ ਡਾਕਟਰਾਂ ਅਤੇ ਮੁਲਾਜ਼ਮਾਂ ਲਈ ਰਾਖਵਾਂਕਰਨ ਲਾਗੂ ਕਰਨ ਅਤੇ ਸਾਰੇ ਵਿਭਾਗਾਂ ਚ ਐਸਸੀ ਬੈਕਲਗ ਪੂਰਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਮੰਗ ਰੱਖੀ ਗਈ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ, ਡਾ. ਗੁਰਦੇਵ ਸਿੰਘ ਭੰਗੂ, ਜਗਮੀਤ ਸਿੰਘ ਭਾਮੀਆਂ, ਮਾਸਟਰ ਰਾਮਾਨੰਦ, ਜਸਵੀਰ ਸਿੰਘ, ਧਰਮਿੰਦਰ ਸਿੰਘ ਫੌਜੀ, ਮੁਖਤਿਆਰ ਸਿੰਘ ਦਦਰਾਲ, ਬਾਬਾ ਚਮਕੌਰ ਸਿੰਘ ਅਤੇ ਬੂਟਾ ਕੋਹਾੜਾ ਹਾਜ਼ਰ ਸਨ।