ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਫਰਵਰੀ
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਨੇ ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਡਾ. ਦਿਲਰਾਜ ਸਿੰਘ, ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੋਂ ਇਲਾਵਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਨਿਰਦੇਸ਼ਕ ਖੇਤੀਬਾੜੀ ਵਿਭਾਗ ਡਾ. ਗੁਰਵਿੰਦਰ ਸਿੰਘ ਨੇ ਪੀਏਯੂ ਵੱਲੋਂ ਕਿਸਾਨਾਂ ਨੂੰ ਸਿੱਖਿਅਤ ਅਤੇ ਸਿਖਲਾਈ ਦੇਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਹਾਰਤ ਪ੍ਰਦਾਨ ਕਰਨ ਦੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸੇ ਤਹਿਤ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਕਿਸਾਨਾਂ ਨੂੰ ਮੁੱਖ ਖੇਤੀਬਾੜੀ ਤਕਨੀਕਾਂ ਦੇ ਨਾਲ-ਨਾਲ ਸਹਾਇਕ ਕਿੱਤਿਆਂ ਬਾਰੇ ਜੋ ਸਿਖਲਾਈ ਦਿੱਤੀ ਹੈ, ਉਸ ਨਾਲ ਪੰਜਾਬ ਦੀ ਖੇਤੀ ਵਿੱਚ ਗੁਣਾਤਮਕ ਤਬਦੀਲੀ ਨਜ਼ਰ ਆ ਰਹੀ ਹੈ। ਅਪਰ ਨਿਰਦੇਸ਼ਕ ਸੰਚਾਰ ਅਤੇ ਸਕਿੱਲ ਡਿਵੈੱਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਖਲਾਈਆਂ ਦਾ ਵਿਸ਼ੇਸ਼ ਤੌਰ ’ਤੇ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਐਗਰੀ ਬਿਜ਼ਨਸ ਇਨਕੂਬੇਟਰਪਾਬੀ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਮਿਲ ਕੇ ਖੇਤੀ ਕਾਰੋਬਾਰੀ ਉੱਦਮੀਆਂ ਨੂੰ ਸਿੱਖਿਅਤ ਕੀਤਾ ਹੈ। ਇਸ ਤਹਿਤ ਉੱਦਮ ਅਤੇ ਉਡਾਣ ਨਾਂ ਦੇ ਦੋ ਸਿਖਲਾਈ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਡਾ. ਗੁਰਵਿੰਦਰ ਸਿੰਘ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕਰਨ ਅਤੇ ਯੂਨੀਵਰਸਿਟੀ ਆਉਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ।