ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਅਪਰੈਲ
ਮਾਛੀਵਾੜਾ ਦੇ ਆੜ੍ਹਤੀਆਂ ਦੀ ਮੀਟਿੰਗ ਅਨਾਜ ਮੰਡੀ ਵਿੱਚ ਹੋਈ, ਜਿਸ ਵਿਚ ਕਣਕ ਦੇ ਖਰੀਦ ਅਤੇ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਆੜ੍ਹਤੀ ਆਗੂ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਸਮੂਹ ਆੜ੍ਹਤੀਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 10 ਅਪਰੈਲ ਤੋਂ ਸ਼ੁਰੂ ਹੋਣ ਜਾ ਰਹੀ ਕਣਕ ਦੀ ਖਰੀਦ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਫ਼ਸਲਾਂ ਦੀ ਅਦਾਇਗੀ ਪਹਿਲਾਂ ਦੀ ਤਰ੍ਹਾਂ ਆੜ੍ਹਤੀਆਂ ਰਾਹੀਂ ਕਰਨ ਦਾ ਫ਼ੈਸਲਾ ਲਾਗੂ ਨਹੀਂ ਕਰਦੀ ਅਤੇ ਕਿਸਾਨਾਂ ਦੀਆਂ ਜੋ ਫਰਦਾਂ ਪੋਰਟਲ ’ਤੇ ਚੜ੍ਹਾਉਣ ਦੀ ਫੁਰਮਾਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਮੰਡੀਆਂ ’ਚ ਫ਼ਸਲ ਦਾ ਬਾਈਕਾਟ ਜਾਰੀ ਰਹੇਗਾ। ਉਕਤ ਆਗੂਆਂ ਨੇ ਕਿਹਾ ਇਹ ਵੀ ਫ਼ੈਸਲਾ ਲਿਆ ਗਿਆ ਕਿ ਕੋਈ ਵੀ ਆੜ੍ਹਤੀ ਮੰਡੀ ’ਚ ਬਿਨਾਂ ਬੋਲੀ ਤੋਂ ਕਿਸਾਨ ਵਲੋਂ ਆਈ ਫਸਲ ਦੀ ਤੁਲਾਈ ਨਹੀਂ ਕਰੇਗਾ ਅਤੇ ਜੇਕਰ ਉਹ ਐਸੋਸੀਏਸ਼ਨ ਦੇ ਕਿਸੇ ਵੀ ਫ਼ੈਸਲੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੂੰਨਰ ਤੇ ਖੇੜਾ ਨੇ ਕਿਹਾ ਕਿ ਫੈਡਰੇਸ਼ਨ ਆਫ਼ ਆੜ੍ਹਤੀ ਐਸੋੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਜੋ ਵੀ ਨਿਰਦੇਸ਼ ਦੇਣਗੇ, ਉਸ ਤਹਿਤ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਦਿੱਲੀ ਧਰਨਾ ਦੇ ਰਿਹਾ ਹੈ ਪਰ ਕੇਂਦਰ ਵਲੋਂ ਅੜੀਅਲ ਰਵੱਈਆ ਅਪਣਾ ਉਨ੍ਹਾਂ ਦੀਆਂ ਮੰਗਾਂ ਨਾ ਮੰਨਣਾ ਬਹੁਤ ਨਿੰਦਣਯੋਗ ਹੈ। ਆੜ੍ਹਤੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰੀਆਂ ਕਰੇ ਤਾਂ ਜੋ ਮੰਡੀਆਂ ’ਚ ਖਰੀਦ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਹੁਸਨ ਲਾਲ ਮੜਕਨ, ਟਹਿਲ ਸਿੰਘ, ਕਪਿਲ ਆਨੰਦ, ਮੋਹਿਤ ਕੁੰਦਰਾ, ਅਸ਼ੋਕ ਸੂਦ, ਹਰਿੰਦਰਮੋਹਣ ਸਿੰਘ ਕਾਲੜਾ, ਅਰਵਿੰਦਰਪਾਲ ਸਿੰਘ ਵਿੱਕੀ, ਪਰਮਿੰਦਰ ਸਿੰਘ ਗੁਲਿਆਣੀ, ਨਿਤਿਨ ਜੈਨ, ਤੇਜਿੰਦਰਪਾਲ ਸਿੰਘ ਰਹੀਮਾਬਾਦ, ਪ੍ਰਭਦੀਪ ਰੰਧਾਵਾ, ਰਿੰਕੂ ਲੂਥਰਾ, ਜਤਿਨ ਚੌਰਾਇਆ, ਰਾਜਵਿੰਦਰ ਸਿੰਘ ਸੈਣੀ, ਤੇਜਿੰਦਰਪਾਲ ਡੀ.ਸੀ, ਪਾਵਸ ਭਾਟੀਆ, ਪਵਨ ਕੁਮਾਰ, ਸੁਰਿੰਦਰ ਅਗਰਵਾਲ, ਮੁਕੰਦ ਸਿੰਘ, ਅਮਿਤ ਭਾਟੀਆ, ਜੈਦੀਪ ਸਿੰਘ ਕਾਹਲੋਂ, ਵਿਨੀਤ ਕੌਸ਼ਲ ਆਦਿ ਵੀ ਮੌਜੂਦ ਸਨ।