ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਰਾਸ਼ਟਰੀ ਸੇਵਾ ਯੋਜਨਾ ਯੂਨਿਟ ਨੇ ਵਿਦਿਆਰਥੀ ਭਲਾਈ ਵਿਭਾਗ ਅਧੀਨ ਪ੍ਰਦਰਸ਼ਨੀ ਲਾਈ। ਇਸ ਦਾ ਵਿਸ਼ਾ ‘ਸਰਦਾਰ ਪਟੇਲ-ਏਕੀਕਰਨ ਦੇ ਸਿਰਜਕ’ ਸੀ । ਇਹ ਪ੍ਰਦਰਸ਼ਨੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਨਿਰਦੇਸ਼ਨਾ ਅਧੀਨ ਕਰਵਾਈ ਗਈ। ਡਿਜੀਟਲ ਪ੍ਰਦਰਸ਼ਨੀ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਅਤੇ ਯੋਗਦਾਨ ਬਾਰੇ ਦੱਸਿਆ ਗਿਆ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਤਿਆਰ ਕੀਤੀ ਗਈ ਇਸ ਪ੍ਰਦਰਸ਼ਨੀ ਵਿਚ ਚਿੱਤਰਾਂ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਨੂੰ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਬੜੇ ਧਿਆਨ ਨਾਲ ਵੇਖਿਆ। ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਡੀਨ ਦੇ ਡਾ. ਐਸ ਕੇ ਮੈਂਦੀਰੱਤਾ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਕਿਹਾ ਕਿ ਇਹ ਦਿਨ ਨੌਜਵਾਨ ਪੀੜ੍ਹੀ ਨੂੰ ਆਜ਼ਾਦੀ ਘੁਲਾਟੀਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਬਾਰੇ ਦੱਸਣ ਦਾ ਦਿਨ ਹੈ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲਿਆ। ਭਲਾਈ ਅਫ਼ਸਰ ਡਾ. ਨਿਧੀ ਸ਼ਰਮਾ ਨੇ ਕਿਹਾ ਕਿ ਅਜਿਹੇ ਯਤਨਾਂ ਰਾਹੀਂ ਅਸੀਂ ਆਪਣੀਆਂ ਗੌਰਵਮਈ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇ ਸਕਦੇ ਹਾਂ। ਕੌਮੀ ਸੇਵਾ ਯੋਜਨਾ ਅਧਿਕਾਰੀ ਡਾ. ਚੰਦਰ ਸ਼ੇਖਰ ਮੁਖੋਪਾਧਿਆਇ ਨੇ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀ ਹਰਸ਼ ਨੇ ਰਾਸ਼ਟਰੀ ਏਕਤਾ ਸੰਬੰਧੀ ਇਕ ਗੀਤ ਵੀ ਗਾਇਆ।